ਸੁਖਬੀਰ ਬਾਦਲ ਦੇ ਚੋਣ ਪ੍ਰਚਾਰ ਲਈ ਰਾਜਸਥਾਨ ਤੋਂ ਪਹੁੰਚੇ ਸਾਬਕਾ ਮੰਤਰੀ

Last Updated: May 16 2019 17:56
Reading time: 1 min, 51 secs

ਰਾਜਸਥਾਨ ਦੇ ਚੁੱਰੂ ਵਿਧਾਨਸਭਾ ਦੇ ਸਾਬਕਾ ਮੰਤਰੀ ਰਾਜਿੰਦਰ ਰਾਠੌਰ ਨੇ ਦਾਅਵਾ ਕੀਤਾ ਹੈ ਕੀ ਦੇਸ਼ 'ਚ 6 ਗੇੜ 'ਚ ਹੋ ਚੁੱਕੀਆਂ ਲੋਕਸਭਾ ਚੋਣਾਂ ਦੌਰਾਨ ਜਿਸ ਤਰ੍ਹਾਂ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਉਸ ਨੂੰ ਵੇਖਦਿਆਂ ਜਾਪਦਾ ਹੈ ਕੀ ਭਾਜਪਾ ਨੂੰ 300 ਤੋਂ ਵੱਧ ਸੀਟਾਂ ਆ ਰਹੀਆਂ ਹਨ ਅਤੇ ਮੁੜ ਤੋਂ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬਣਨ ਜਾ ਰਹੀ ਹੈ। ਇਹ ਪ੍ਰਗਟਾਵਾ ਸਾਬਕਾ ਮੰਤਰੀ ਨੇ ਅੱਜ ਆਪਣੇ ਸਾਥੀਆਂ ਰਾਜਸਥਾਨ ਦੇ ਸਾਬਕਾ ਖਨਨ ਮੰਤਰੀ ਸੁਰੇਂਦਰ ਸਿੰਘ ਟੀਟੀ, ਪੀਲੀਬੰਗਾ ਦੇ ਵਿਧਾਇਕ ਧਰਮੇਂਦਰ ਮੋਚੀ ਦੇ ਨਾਲ ਅਬੋਹਰ ਵਿਖੇ ਭਾਜਪਾ ਦੇ ਦਫ਼ਤਰ 'ਚ ਅਕਾਲੀ-ਭਾਜਪਾ ਕਾਰਕੁਨਾਂ ਅਤੇ ਆਗੂਆਂ ਨਾਲ ਗੱਲਬਾਤ ਕਰਦਿਆਂ ਕੀਤਾ। ਇਹ ਭਾਜਪਾ ਲੀਡਰ ਇੱਥੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਆਏ ਹੋਏ ਹਨ।

ਸਾਬਕਾ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਵੱਡੀ ਲੀਡ ਤੋਂ ਜਿੱਤ ਹਾਸਲ ਹੋਣ 'ਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ ਜਿਸ ਨਾਲ ਇਸ ਲੋਕਸਭਾ ਹਲਕਾ ਫ਼ਿਰੋਜ਼ਪੁਰ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਹੋਵੇਗਾ। ਸ਼੍ਰੀ ਰਾਠੌਰ ਨੇ ਕਿਹਾ ਕਿ ਮੋਦੀ ਸਰਕਾਰ ਨੇ 5 ਸਾਲਾਂ ਤੱਕ ਲੋਕ ਭਲਾਈ ਯੋਜਨਾਵਾਂ ਚਲਾਕੇ ਜਨ-ਜਨ ਤੱਕ ਇਸਦਾ ਲਾਭ ਪਹੁੰਚਾਇਆ ਹੈ। ਇਸ ਮੌਕੇ 'ਤੇ ਸੁਰੇਂਦਰ ਸਿੰਘ ਟੀ.ਟੀ. ਅਤੇ ਧਰਮੇਂਦਰ ਮੋਚੀ ਨੇ ਕਿਹਾ ਕਿ ਦੇਸ਼ ਵਿੱਚ ਜਿੱਥੇ ਵੀ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਈ ਉਹ ਜਨਤਾ ਤੋਂ ਝੂਠ ਬੋਲ ਕੇ ਆਈ। ਕਾਂਗਰਸ ਸਰਕਾਰ ਨੇ ਜਨਤਾ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਜਿਸਦੇ ਚਲਦੇ ਸੂਬਾ ਵਾਸੀਆਂ ਦਾ ਪੰਜਾਬ ਦੀ ਕੈਪਟਨ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। 

ਇਸ ਮੌਕੇ 'ਤੇ ਵਿਧਾਇਕ ਅਰੁਣ ਨਾਰੰਗ ਨੇ ਸਾਬਕਾ ਮੰਤਰੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਸੁਖਬੀਰ ਬਾਦਲ ਨੂੰ ਅਬੋਹਰ ਬੱਲੂਆਣਾ ਹਲਕੇ ਤੋਂ ਵੱਡੀ ਲੀਡ ਦਵਾਈ ਜਾਵੇਗੀ ਅਤੇ ਉਨ੍ਹਾਂ ਦੀ ਜਿੱਤ ਇਤਿਹਾਸਿਕ ਹੋਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਜਿੱਤ ਲਈ ਭਾਜਪਾ ਦੇ ਸਾਰੇ ਮੰਡਲ ਅਤੇ ਮੋਰਚਾ ਦਿਨ-ਰਾਤ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਇਸ ਮੌਕੇ 'ਤੇ ਸ਼੍ਰੋਅਦ ਜ਼ਿਲ੍ਹਾ ਚੋਣ ਮੁਖੀ ਬੌਬੀ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਵੱਡੀ ਗਿਣਤੀ ਨਾਲ ਜਿੱਤ ਲਈ ਹਰ ਵੋਟਰ ਦੀ ਇੱਕ-ਇੱਕ ਵੋਟ ਦਾ ਬਹੁਤ ਮਹੱਤਵ ਹੈ, ਇਸ ਲਈ ਸਾਰੇ ਵਰਕਰ ਗਲੀ-ਮੁਹੱਲਿਆਂ ਵਿੱਚ ਜਾ ਕੇ ਸੁਖਬੀਰ ਬਾਦਲ ਦੇ ਪੱਖ ਵਿੱਚ ਮਤਦਾਨ ਕਰਣ ਦੀ ਅਪੀਲ ਕਰਨ। ਇਸ ਮੌਕੇ ਉੱਤੇ ਅਸ਼ੋਕ ਅਹੂਜਾ ਨੇ ਸਾਰੇ ਵਰਕਰਾਂ ਨੂੰ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਅਬੋਹਰ ਅਤੇ ਬੱਲੂਆਣਾ ਹਲਕੇ ਤੋਂ ਵੱਡੀ ਲੀਡ ਦਿਵਾਕੇ ਜੇਤੂ ਬਣਾਈਏ।