ਤਾਮਿਲਨਾਡੂ ਤੋਂ ਥਿਰੁਮਲਾਈ ਰਮਨ ਪਹੁੰਚਿਆ ਕਾਮਰੇਡ ਗੋਲਡਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ

Last Updated: May 16 2019 17:33
Reading time: 1 min, 49 secs

ਚੋਣਾਂ ਦੇ ਗਰਮ ਮਾਹੌਲ ਵਿੱਚ ਜਿੱਥੇ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੇ ਕੇਂਦਰੀ ਨੇਤਾ ਪੰਜਾਬ ਦੇ ਵੋਟਰਾਂ ਨੂੰ ਵੋਟ ਦੀ ਅਪੀਲ ਕਰ ਰਹੇ ਹਨ, ਉੱਥੇ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਕਾਮਰੇਡ ਗੋਲਡਨ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਸਤੇ ਦੱਖਣੀ ਭਾਰਤ ਦੇ ਸੂਬੇ ਤਾਮਿਲਨਾਡੂ ਤੋਂ ਸਰਵ ਭਾਰਤ ਨੌਜਵਾਨ ਸਭਾ ਦਾ ਜਨਰਲ ਸਕੱਤਰ ਆਰ. ਥਿਰੁਮਲਾਈ ਆਇਆ ਹੈ। 

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਤਕਰੀਬਨ ਤਿੰਨ ਹਜ਼ਾਰ ਕਿੱਲੋਮੀਟਰ ਦੂਰੋਂ ਆਏ ਥਿਰੁਮਲਾਈ ਨੇ ਕਈ ਪਿੰਡਾਂ ਅਤੇ ਸ਼ਹਿਰੀ ਮੁਹੱਲਿਆਂ ਵਿੱਚ ਜਾ ਕੇ ਕਾਮਰੇਡ ਗੋਲਡਨ ਲਈ ਵੋਟ ਦੀ ਅਪੀਲ ਕੀਤੀ। ਉਨ੍ਹਾਂ ਵੋਟਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਜੁਝਾਰੂ ਵਿਰਸੇ ਨੂੰ ਸਲਾਮ ਕਰਦਾ ਹੈ, ਉਸ ਨੂੰ ਪਤਾ ਹੈ ਕਿ ਪੰਜਾਬ ਧਰਤੀ ਨੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਵਰਗੇ ਅਨੇਕਾਂ ਯੋਧੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਕਮਿਊਨਿਸਟਾਂ ਉੱਤੇ ਦੇਸ਼ ਨੂੰ ਵੰਡਣ ਦੇ ਝੂਠੇ ਦੋਸ਼ ਲਗਾਏ, ਪਰ ਹੁਣ ਅੰਤਰਰਾਸ਼ਟਰੀ ਮੈਗਜ਼ੀਨ "ਟਾਈਮਜ਼" ਨੇ ਤੱਥਾਂ ਦੇ ਅਧਾਰ 'ਤੇ ਦੱਸ ਦਿੱਤਾ ਕਿ ਅਸਲ ਵਿੱਚ ਇਸਦਾ ਜ਼ਿੰਮੇਵਾਰ ਨਰਿੰਦਰ ਮੋਦੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾਂਦੀ ਅੰਨ੍ਹੀ ਲੁੱਟ ਉੱਤੇ ਪਰਦਾ ਪਾਉਣ ਲਈ ਕਦੇ ਪਾਕਿਸਤਾਨ ਤੇ ਕਦੇ ਚਾਈਨਾ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਦਾ ਹੈ। ਕਦੇ ਦੇਸ਼ ਵਿੱਚ ਭਾੜੇ ਦੇ ਕਾਤਲਾਂ ਕੋਲੋਂ ਫ਼ਿਰਕੂ ਕਤਲੇਆਮ ਕਰਵਾਉਂਦਾ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਅਕਾਲੀ-ਭਾਜਪਾ ਨੇ ਹਮੇਸ਼ਾ ਇੱਥੋਂ ਦੇ ਲੋਕਾਂ ਦੀਆਂ ਭਾਈਚਾਰਕ ਸਾਂਝਾਂ ਨੂੰ ਦਰਕਿਨਾਰ ਕਰਕੇ, ਗੁਆਂਢੀ ਮੁਲਕ ਨਾਲ ਕੁੜੱਤਣ ਵਾਲਾ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

ਆਰ. ਥਿਰੁਮਲਾਈ ਜੋ ਸਰਵ ਭਾਰਤ ਨੌਜਵਾਨ ਸਭਾ ਦਾ ਜਨਰਲ ਸਕੱਤਰ ਹੈ ਨੇ ਪੰਜਾਬੀ ਵੋਟਰਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਖ਼ਿਲਾਫ਼ ਬਣਿਆਂ ਪੰਜਾਬ ਜਮਹੂਰੀ ਗੱਠਜੋੜ ਸ਼ੁੱਭ ਸੰਕੇਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਦਾ ਵੱਡਾ ਮੁੱਦਿਆਂ ਤੇ ਅਧਾਰਿਤ ਗੱਠਜੋੜ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਦੇ ਇਸ਼ਾਰੇ ਉੱਤੇ ਚੱਲਣ ਵਾਲੀ ਭਾਜਪਾ ਨੂੰ ਦੇਸ਼ ਦੇ ਲੋਕ ਸੱਤਾ ਤੋਂ ਲਾਂਭੇ ਕਰਨ ਜਾ ਰਹੇ ਹਨ, ਖ਼ਾਸ ਕਰਕੇ ਦੱਖਣੀ ਭਾਰਤ ਵਿੱਚ ਤਾਂ ਇਸਦੀ ਅਸਲ ਔਕਾਤ ਉੱਥੋਂ ਦੇ ਲੋਕ ਦਿਖਾਉਣਗੇ ਅਤੇ ਤਾਮਿਲਨਾਡੂ ਵਿੱਚ ਜਿੱਥੇ ਹੁਣ ਇਸਦੀ ਇੱਕ ਸੀਟ ਹੈ, ਲੋਕ ਉਸਦਾ ਵੀ ਸਫ਼ਾਇਆ ਕਰਨ ਜਾ ਰਹੇ। ਇਸ ਮੌਕੇ ਉਨ੍ਹਾਂ ਨਾਲ ਹਲਕੇ ਦੇ ਉਮੀਦਵਾਰ ਕਾਮਰੇਡ ਹੰਸ ਰਾਜ ਗੋਲਡਨ, ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਪ੍ਰਿਥੀਪਾਲ ਮਾੜੀਮੇਘਾ, ਕੌਮੀ ਮੀਤ ਪ੍ਰਧਾਨ ਪਰਮਜੀਤ ਢਾਬਾਂ, ਐਡਵੋਕੇਟ ਚਰਨਜੀਤ ਛਾਂਗਾਰਾਏ, ਸੁਖਦੇਵ ਧਰਮੂਵਾਲਾ, ਕਰਮਵੀਰ ਕੌਰ ਬੱਧਨੀ, ਸੁਸ਼ਮਾ ਗੋਲਡਨ, ਸੁਖਜਿੰਦਰ ਮਹੇਸਰੀ, ਹਰਭਜਨ ਛੱਪੜੀਵਾਲਾ, ਗੋਰਾ ਪਿਪਲੀ, ਕੁਲਵੰਤ ਅਮੀਰ ਖ਼ਾਸ, ਨਰਿੰਦਰ ਢਾਬਾਂ, ਸਤੀਸ਼ ਛੱਪੜੀਵਾਲਾ ਆਦਿ ਹਾਜ਼ਰ ਸਨ।