ਅਕਾਲੀਆਂ, ਭਾਜਪਾਈਆਂ ਅਤੇ ਕਾਂਗਰਸੀਆਂ ਨੇ ਲੁੱਟ ਕੇ ਖਾ ਲਿਆ ਦੇਸ਼ : ਕਾਮਰੇਡ ਗੋਲਡਨ

Last Updated: May 16 2019 17:34

ਦੇਸ਼ ਦੀ ਸੱਤਾ 'ਤੇ 5 ਸਾਲ ਰਾਜ ਕਰਨ ਵਾਲੀ ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ। ਅੱਜ ਦੇਸ਼ ਦੇ ਅੰਦਰ ਅਮੀਰ ਅਮੀਰ ਹੋਈ ਜਾ ਰਿਹਾ ਹੈ ਅਤੇ ਗ਼ਰੀਬ ਗ਼ਰੀਬ ਹੋਈ ਜਾ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਮੇਂ ਦੇ ਹਾਕਮ ਸਿਰਫ਼ ਤੇ ਸਿਰਫ਼ ਅਮੀਰਾਂ ਦੇ ਹੀ 'ਸਕੇ' ਹਨ। ਇਨ੍ਹਾਂ ਨੂੰ ਗ਼ਰੀਬਾਂ ਦੇ ਨਾਲ ਕੋਈ ਮਤਲਬ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਪੀਡੀਏ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਕਾਮਰੇਡ ਹੰਸ ਰਾਜ ਗੋਲਡਨ ਨੇ ਚੋਣ ਪ੍ਰਚਾਰ ਨੂੰ ਸੰਬੋਧਨ ਕਰਦਿਆਂ ਕੀਤਾ। 

ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਕਿ ਪੰਜਾਬ 'ਤੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਹਾਲਤ ਖ਼ਰਾਬ ਕਰਕੇ ਰੱਖ ਦਿੱਤੀ, ਉੱਪਰੋਂ ਦੋ ਸਾਲ ਪਹਿਲੋਂ ਪੰਜਾਬ ਦੀ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਪੰਜਾਬ ਦੀ ਹਾਲਤ ਨੂੰ ਬਦ ਤੋਂ ਬਦਤਰ ਬਣਾ ਦਿੱਤਾ। ਜਿਸ ਦੇ ਕਾਰਨ ਅੱਜ ਪੰਜਾਬ ਸਮੇਤ ਭਾਰਤ ਦੇ ਲੋਕ ਅਕਾਲੀਆਂ, ਭਾਜਪਾਈਆਂ ਅਤੇ ਕਾਂਗਰਸੀਆਂ ਤੋਂ ਤੰਗ ਹਨ ਅਤੇ ਉਹ ਸੱਚੀ ਸੁੱਚੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ ਜੁੜ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਜੋ ਮਾਹੌਲ ਫ਼ਿਰਕਾਪ੍ਰਸਤੀ ਦੇ ਪੈਦਾ ਹੋਏ ਹਨ, ਉਨ੍ਹਾਂ ਦੀ ਜ਼ਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ, ਕਿਉਂਕਿ ਆਰਐਸਐਸ ਮੋਦੀ ਦੀ 'ਖੁੰਡੀ' ਘੁਮਾ ਰਹੀ ਹੈ ਅਤੇ ਮੋਦੀ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਕਾਮਰੇਡ ਗੋਲਡਨ ਨੇ ਦੋਸ਼ ਲਗਾਇਆ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ ਅਤੇ ਪੀਡੀਏ ਦੇ ਸਾਰੇ ਉਮੀਦਵਾਰਾਂ ਨੂੰ ਭਾਈ ਬਹੁਮਤ ਨਾਲ ਜਿਤਾਉਣਗੇ। ਕਾਮਰੇਡ ਗੋਲਡਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਉਸ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਭੇਜੋ ਤਾਂ ਜੋ ਲੋਕ ਮੁੱਦਿਆਂ ਤੋਂ ਇਲਾਵਾ ਰੁਜ਼ਗਾਰ ਅਤੇ ਕਿਸਾਨੀ ਕਰਜ਼ਿਆਂ ਦੀ ਗੱਲ ਕੀਤੀ ਜਾ ਸਕੇ।