ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ 17 ਤੋਂ 19 ਮਈ ਅਤੇ 23 ਮਈ 'ਡਰਾਈ ਡੇ' ਘੋਸ਼ਿਤ!!

Last Updated: May 16 2019 17:11
Reading time: 1 min, 21 secs

ਜ਼ਿਲ੍ਹਾ ਮੈਜਿਸਟਰੇਟ ਚੰਦਰ ਗੈਂਦ ਵੱਲੋਂ ਪੰਜਾਬ ਐਕਸਾਈਜ਼ ਐਕਟ, 1914 ਦੀ ਧਾਰਾ 54 ਤਹਿਤ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸੀਮਾਵਾਂ ਅੰਦਰ 17 ਮਈ ਨੂੰ ਸ਼ਾਮ 6 ਵਜੇ ਤੋਂ 19 ਮਈ 2019 ਨੂੰ ਸ਼ਾਮ 6 ਵਜੇ ਤੱਕ ਅਤੇ 23 ਮਈ 2019 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ ਅਤੇ ਵੇਚਣ ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਜੋ 19 ਮਈ ਨੂੰ ਹੋ ਰਹੀਆਂ ਹਨ, ਪੋਲਿੰਗ ਵਾਲੇ ਦਿਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣ ਸਦਕਾ ਲੋਕ ਸ਼ਾਂਤੀ ਵਿੱਚ ਖ਼ਲਲ ਪੈ ਸਕਦਾ ਹੈ, ਜਿਸ ਕਰਕੇ ਪ੍ਰਾਈਵੇਟ ਅਤੇ ਸਰਕਾਰੀ ਸੰਪਤੀ ਅਤੇ ਮਾਨਵ ਜੀਵਨ ਨੂੰ ਹਾਨੀ ਪਹੁੰਚ ਸਕਦੀ ਹੈ। ਇਸ ਲਈ ਚੋਣਾਂ ਦੇ ਕੰਮ ਨੂੰ ਸ਼ਾਂਤੀ ਪੂਰਵਕ, ਸਾਫ਼ ਸੁਥਰੇ ਢੰਗ ਨਾਲ ਨਿਰਵਿਘਨ ਨੇਪਰੇ ਚਾੜ੍ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਿੱਕਰੀ/ਜਮਾਖੋਰੀ ਤੇ ਰੋਕ ਲਾਈ ਜਾਣੀ ਜ਼ਰੂਰੀ ਹੈ।

ਜਿਸ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸੀਮਾਵਾਂ ਅੰਦਰ 17 ਮਈ ਨੂੰ ਸ਼ਾਮ 6 ਵਜੇ ਤੋਂ 19 ਮਈ 2019 ਨੂੰ ਸ਼ਾਮ 6 ਵਜੇ ਤੱਕ ਅਤੇ 23 ਮਈ 2019 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ ਅਨੁਸਾਰ ਅੰਗਰੇਜ਼ੀ ਅਤੇ ਦੇਸੀ ਸ਼ਰਾਬ, ਸਪਿਰਿਟ, ਅਲਕੋਹਲ ਜਾਂ ਕੋਈ ਹੋਰ ਵਸਤੂ ਜਿਸ ਨਾਲ ਕਿ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿੱਕਰੀ, ਜਮ੍ਹਾਂ ਖੋਰੀ, ਵੰਡਣ ਜਾਂ ਪਿਲਾਉਣ ਵਾਲਿਆਂ ਹੋਟਲਾਂ, ਢਾਬਿਆਂ, ਅਹਾਤਿਆਂ, ਰੈਸਟੋਰੈਂਟ, ਬੀਅਰ ਬਾਰ, ਕਲੱਬ ਜਾਂ ਕੋਈ ਹੋਰ ਜਨਤਕ ਥਾਵਾਂ ਤੇ ਵੇਚ/ਵਰਤੋਂ 'ਤੇ ਪੂਰਨ ਪਾਬੰਦੀ ਰਹੇਗੀ। ਵਿਅਕਤੀਗਤ ਤੌਰ 'ਤੇ ਵੀ ਬਿਨਾਂ ਅਧਿਕਾਰਤ ਲਾਇਸੰਸ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਜਮ੍ਹਾ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ।