ਪੰਜਾਬ ਬੋਰਡ ਦਾ ਬਾਰ੍ਹਵੀਂ ਦੇ ਫਿਜ਼ਿਕਸ ਵਿਸ਼ੇ ਦਾ ਨਤੀਜਾ ਸਵਾਲਾਂ ਦੇ ਘੇਰੇ ਵਿੱਚ

Last Updated: May 16 2019 14:50

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨ ਕੀਤਾ ਬਾਰ੍ਹਵੀਂ ਜਮਾਤ ਦੀ ਨਤੀਜਾ ਫਿਜ਼ਿਕਸ ਵਿਸ਼ੇ ਦੇ ਨੰਬਰਾਂ ਦੇ ਕਾਰਨ ਵਿਵਾਦਾਂ ਵਿੱਚ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ, ਮੋਗਾ, ਫ਼ਾਜ਼ਿਲਕਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚੋਂ ਇਸ ਨਤੀਜੇ ਤੇ ਕੁਝ ਸਵਾਲ ਖੜੇ ਹੋਏ ਹਨ। ਜਾਣਕਾਰੀ ਅਨੁਸਾਰ ਬਹੁਤ ਸਾਰੇ ਵਿਦਿਆਰਥੀਆਂ ਦੇ ਫਿਜ਼ਿਕਸ ਵਿਸ਼ੇ ਦੇ ਪੇਪਰ ਵਿੱਚੋਂ ਇੱਕੋ ਜਿਹੇ ਹੀ 14 ਨੰਬਰ ਆਏ ਹਨ ਜਦਕਿ ਇਹ ਵਿਦਿਆਰਥੀ ਆਪਣੇ ਨੰਬਰ 70 ਦੇ ਵਿੱਚੋਂ ਇਸ ਤੋਂ ਕਿਤੇ ਵੱਧ ਹੋਣ ਦਾ ਦਾਅਵਾ ਕਰ ਰਹੇ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਅਨੁਸਾਰ ਇੱਕੋ ਜਿਹੇ ਨੰਬਰ ਆਉਣ ਦਾ ਇਹ ਮਾਮਲਾ ਕਿਸੇ ਗ਼ਲਤੀ ਕਾਰਨ ਹੋਇਆ ਜਾਪਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀ ਅਜਿਹੇ ਹਨ ਜੋ ਕੇ 80 ਤੋਂ 90 ਫ਼ੀਸਦੀ ਅੰਕ ਹਾਸਲ ਕਰਨ ਦੀ ਸਮਰੱਥਾ ਵਾਲੇ ਹਨ ਅਤੇ ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦਾ ਪੇਪਰ ਵੀ ਬਹੁਤ ਵਧੀਆ ਹੋਇਆ ਸੀ। ਜਾਣਕਾਰੀ ਮੋਗਾ ਜ਼ਿਲ੍ਹੇ ਦੇ ਚੜਿੱਕ ਅਤੇ ਭਿੰਡਰ ਕਲਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਦਰਜਨ ਭਰ ਤੋਂ ਵੱਧ ਵਿਦਿਆਰਥੀਆਂ ਦੇ ਇਸੇ ਪ੍ਰਕਾਰ ਇੱਕੋ ਜਿਹੇ 14 ਨੰਬਰ ਹਨ। ਇਨ੍ਹਾਂ ਦੇ ਨਾਲ ਹੀ ਮੁਕਤਸਰ, ਅੰਮ੍ਰਿਤਸਰ ਅਤੇ ਫ਼ਾਜ਼ਿਲਕਾ ਦੇ ਕਈ ਸਕੂਲਾਂ ਵਿੱਚ ਵੀ ਅਜਿਹੇ ਮਾਮਲਾ ਸਾਹਮਣੇ ਆਏ ਹਨ। ਫ਼ਿਲਹਾਲ ਇਹ ਮਾਮਲਾ ਸਿੱਖਿਆ ਸਕੱਤਰ ਦੇ ਕੋਲ ਪਹੁੰਚਿਆ ਦੱਸਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਤੇ ਮਾਪਿਆਂ ਦੇ ਵੱਲੋਂ ਬੋਰਡ ਕੋਲੋਂ ਆਪਣੀ ਗ਼ਲਤੀ ਸੁਧਾਰ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਹ ਇਨ੍ਹਾਂ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ।