ਡੇਂਗੂ ਦੇ ਖ਼ਤਰੇ ਨੂੰ ਵੇਖਦਿਆਂ ਜਾਗਿਆ ਸਿਹਤ ਵਿਭਾਗ.!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 16 2019 14:38
Reading time: 1 min, 0 secs

ਪਿਛਲੇ ਦਿਨੀਂ ਪਈ ਭਾਰੀ ਬਾਰਸ਼ ਤੋਂ ਬਾਅਦ ਡੇਂਗੂ ਅਤੇ ਮਲੇਰੀਏ ਦੇ ਕੇਸ ਵੱਧਣ ਦੇ ਖ਼ਤਰੇ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਹੁਣੇ ਤੋਂ ਹੀ ਆਪਣੀਆਂ ਮੁਹਿੰਮਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬਾਰਸ਼ ਕਾਰਨ ਡੇਂਗੂ ਮੱਛਰ ਦੀ ਗਿਣਤੀ ਵਧਣ ਦੀ ਸੰਭਾਵਨਾ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਥਾਂ-ਥਾਂ 'ਤੇ ਜਾ ਕੇ ਡੇਂਗੂ ਪ੍ਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹੈਲਥ ਸੁਪਰਵਾਈਜ਼ਰਾਂ ਦੀ ਅਗਵਾਈ ਵਿੱਚ ਘਰਾਂ ਦੀਆਂ ਛੱਤਾਂ, ਪੰਚਰ ਵਾਲੀਆਂ ਦੁਕਾਨਾਂ ਅਤੇ ਖਾਲੀ ਪਲਾਟਾਂ ਦੀ ਜਾਂਚ ਕੀਤੀ ਗਈ। ਹੈਲਥ ਸੁਪਰਵਾਈਜ਼ਰ ਨੇ ਦੁਕਾਨਦਾਰਾਂ ਅਤੇ ਲੋਕਾਂ ਸਮਝਾਉਂਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲੋਂ ਹੋਈ ਭਾਰੀ ਬਾਰਸ਼ ਕਾਰਨ ਖੁੱਲ੍ਹੇ ਵਿੱਚ ਪਏ ਸਾਮਾਨ, ਜਿਵੇਂ ਪੁਰਾਣੇ ਅਤੇ ਟੁੱਟੇ ਹੋਏ ਬਰਤਨਾਂ, ਟਾਇਰਾਂ, ਖੇਤੀਬਾੜੀ ਦੇ ਸੰਦਾਂ, ਨਕਾਰਾ ਅਤੇ ਟੁੱਟੇ ਭੱਜੇ ਵਾਹਨਾਂ ਵਿੱਚ ਪਾਣੀ ਖੜ੍ਹ ਜਾਂਦਾ ਹੈ। ਜਿਸ ਦੀ ਨਿਕਾਸੀ ਹੋਣੀ ਅਤਿ ਜ਼ਰੂਰੀ ਹੈ, ਨਹੀਂ ਤਾਂ ਉਸ ਵਿੱਚ ਮੱਛਰ ਆਂਡੇ ਦੇ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਮੱਛਰ ਦੇ ਡੰਗ ਤੋਂ ਬਚਣ ਲਈ ਦਿਨ ਅਤੇ ਰਾਤ ਵੇਲੇ ਸਰੀਰ ਨੂੰ ਢੱਕ ਕੇ ਰੱਖਣ ਅਤੇ ਮੱਛਰ ਭਜਾਊ ਕਰੀਮਾਂ ਅਤੇ ਕੁਆਇਲ ਆਦਿ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਡੇਂਗੂ ਦਾ ਸ਼ੱਕੀ ਮਰੀਜ਼ ਲੱਗਦਾ ਹੈ ਤਾਂ ਉਸ ਨੂੰ ਤੁਰੰਤ ਸਰਕਾਰੀ ਸਿਹਤ ਕੇਂਦਰ ਜਾਂਚ ਲਈ ਭੇਜਣਾ ਚਾਹੀਦਾ ਹੈ।