ਸਰਕਾਰੀ ਕਣਕ ਦੀ ਚੋਰੀ ਦੇ ਇਲਜਾਮ ਹੇਠ ਟਰੱਕ ਡ੍ਰਾਈਵਰਾਂ ਸਣੇ 13 ਨਾਮਜਦ 

Last Updated: May 16 2019 11:24
Reading time: 0 mins, 56 secs

ਸਰਕਾਰੀ ਖਰੀਦ ਏਜੈਂਸੀ ਪਨਸਪ ਵੱਲੋਂ ਖਰੀਦ ਕੀਤੀ ਗਈ ਕਣਕ ਕੁਝ ਟਰੱਕ ਡ੍ਰਾਈਵਰਾਂ ਵੱਲੋਂ ਕੰਡਾ ਆਪਰੇਟਰ ਦੀ ਮਿਲੀਭੁਗਤ ਨਾਲ ਚੋਰੀ ਕਰਨ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਜਲਾਲਾਬਾਦ ਦੀ ਸਿਟੀ ਪੁਲਿਸ ਨੇ ਪਨਸਪ ਦੇ ਜਿਲ੍ਹਾ ਮੈਨੇਜਰ ਦੀ ਸ਼ਿਕਾਇਤ 'ਤੇ ਟਰੱਕ ਡ੍ਰਾਈਵਰਾਂ ਅਤੇ ਕੰਡਾ ਆਪਰੇਟਰਾਂ ਸਣੇ 13 ਜਣਿਆਂ 'ਤੇ ਕਣਕ ਚੋਰੀ ਦੇ ਇਲਜਾਮ ਹੇਠ ਅਧੀਨ ਧਾਰਾ 379, 406, 420, 120ਬੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। 

ਜਾਣਕਾਰੀ ਮੁਤਾਬਿਕ ਸਰਕਾਰੀ ਖਰੀਦ ਏਜੈਂਸੀ ਪਨਸਪ ਦੇ ਜਿਲ੍ਹਾ ਮੈਨੇਜਰ ਵਨੀਤ ਕੁਮਾਰ ਨੇ ਸਿਟੀ ਜਲਾਲਾਬਾਦ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਇਲਜਾਮ ਲਗਾਏ ਕਿ ਟਰੱਕ ਡ੍ਰਾਈਵਰ ਜੋਗਿੰਦਰ ਸਿੰਘ, ਕਾਲੂ, ਸੋਨੂੰ, ਲਾਡੀ, ਬਲਵਿੰਦਰ, ਦਰਸ਼ਨ, ਸੋਰਭ, ਗੋਲਡੀ, ਗੋਰਾ ਅਤੇ ਮਿਠੁਨ ਕਣਕ ਦੀਆਂ ਬੋਰੀਆਂ ਟਰੱਕ ਵਿੱਚ ਲੋਡ ਕਰਕੇ ਗੋਦਾਮ ਵਿੱਚ ਸਟੋਰ ਕਰਨ ਲਈ ਲਿਆਉਂਦੇ ਸੀ। ਇਹ ਟਰੱਕ ਡ੍ਰਾਈਵਰ ਟਰੱਕ ਲੋਡ ਕਰਨ ਤੋਂ ਬਾਅਦ ਲੋਡ ਕੀਤੀਆਂ ਕਣਕ ਦੀਆਂ ਬੋਰੀਆਂ ਵਿੱਚੋਂ ਕੁਝ ਬੋਰੀਆਂ ਲਾਹ ਕੇ ਕੰਡੇ 'ਤੇ ਲਿਜਾ ਕੇ ਕੰਡਾ ਆਪਰੇਟਰ ਅਮੀਰ ਚੰਦ, ਸ਼ਕਤੀ ਕੁਮਾਰ ਅਤੇ ਲਕਸ਼ਮੀ ਨਾਰਾਇਣ ਵਾਸੀ ਪਿੰਡ ਫਲੀਆਂ ਵਾਲਾ ਦੀ ਮਿਲੀਭੁਗਤ ਨਾਲ ਵਜਨ ਦੀ ਪੂਰੀ ਪਰਚੀ ਬਣਾ ਲੈਂਦੇ ਸਨ। ਇਨ੍ਹਾਂ ਸਾਰਿਆਂ ਨੇ ਰਲ ਕੇ ਕੁਲ 255 ਕੁਇੰਟਲ ਸਰਕਾਰੀ ਕਣਕ ਦੀ ਚੋਰੀ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।