17 ਮਈ ਦੀ ਸ਼ਾਮ ਤੋਂ ਬਾਅਦ ਬੰਦ ਹੋ ਜਾਵੇਗਾ ਚੋਣ ਪ੍ਰਚਾਰ ਦਾ ਸ਼ੋਰ-ਸ਼ਰਾਬਾ!!

Last Updated: May 15 2019 19:06
Reading time: 0 mins, 57 secs

ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਲੋਕ ਸਭਾ ਹਲਕਾ ਫਤਹਿਗੜ ਸਾਹਿਬ 'ਚ ਚੱਲ ਰਿਹਾ ਚੋਣ ਪ੍ਰਚਾਰ 17 ਮਈ ਦੀ ਸ਼ਾਮ ਤੋਂ ਬੰਦ ਹੋ ਜਾਵੇਗਾ ਅਤੇ ਇਸਦੇ ਨਾਲ ਹੀ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਸਿਨੇਮਾ ਹਾਲ ਤੇ ਹੋਰ ਪ੍ਰਚਾਰ ਸਾਧਨਾਂ ਤੇ ਚੋਣ ਪ੍ਰਚਾਰ ਦੀ ਰੋਕ ਦੇ ਨਾਲ-ਨਾਲ ਲਾਊਡ ਸਪੀਕਰਾਂ ਦੇ ਇਸਤੇਮਾਲ ਕਰਨ ਤੇ ਵੀ ਰੋਕ ਲੱਗ ਜਾਵੇਗੀ। ਇਸ ਸਮੇਂ ਦੌਰਾਨ ਪ੍ਰਿੰਟ ਮੀਡੀਆ 'ਚ ਸਿਆਸੀ ਇਸ਼ਤਿਹਾਰਬਾਜ਼ੀ ਕਰਨ ਲਈ ਰਿਟਰਨਿੰਗ ਅਫ਼ਸਰ ਦੀ ਅਗਵਾਈ ਵਾਲੀ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਪਾਸੋਂ ਪ੍ਰੀ-ਸਰਟੀਫ਼ਿਕੇਸ਼ਨ ਲੈਣਾ ਜ਼ਰੂਰੀ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਜ਼ਿਲ੍ਹਾ ਫਤਹਿਗੜ ਸਾਹਿਬ 'ਚ ਚੋਣ ਪ੍ਰਚਾਰ ਕਰ ਰਹੇ ਸਮੂਹ ਉਮੀਦਵਾਰਾਂ, ਰਾਜਸੀ ਪਾਰਟੀਆਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੇ ਉਕਤ ਆਦੇਸ਼ਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਚੋਣ ਸਬੰਧੀ ਕਿਸੇ ਵੀ ਤਰ੍ਹਾਂ ਦੇ ਚੋਣ ਸਰਵੇਖਣ (ਐਗਜ਼ਿਟ ਪੋਲ ਅਤੇ ਪੋਲ ਓਪੀਨੀਅਨ) ਤੇ ਵੀ ਚੋਣ ਕਮਿਸ਼ਨ ਦੇ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਰੋਕ ਜਾਰੀ ਰਹੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੇ ਉਕਤ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਜਨਪ੍ਰਤੀਨਿਧੀ ਐਕਟ-1951 ਦੀ ਧਾਰਾ-126 ਤਹਿਤ 2 ਸਾਲ ਦੀ ਸਜ਼ਾ ਅਤੇ ਜੁਰਮਾਨੇ ਦਾ ਭਾਗੀਦਾਰ ਬਣ ਸਕਦਾ ਹੈ।