ਖੇਤੀਬਾੜੀ ਵਿਭਾਗ ਨੇ ਪਿੰਡਾਂ ਦਾ ਕੀਤਾ ਫਰਟੀਲਿਟੀ ਮੈਪ ਤਿਆਰ!!!

Last Updated: May 15 2019 18:55

ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਭੌ-ਪਰਖ ਸਬੰਧੀ ਟ੍ਰੇਨਿੰਗ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਆਤਮਾ ਸਟਾਫ਼ ਦੇ ਬਲਾਕ ਟੈਕਨਾਲੋਜੀ ਮੈਨੇਜਰ ਅਤੇ ਅਸਿਸਟੈਂਟ ਟੈਕਨਾਲੋਜੀ ਮੈਨੇਜਰ ਹਾਜ਼ਰ ਹੋਏ ਅਤੇ ਉਨ੍ਹਾਂ ਨੂੰ ਬਲਾਕ ਵਾਈਜ਼ ਫਰਟੀਲਿਟੀ ਮੈਪ ਬਾਰੇ ਜਾਣਕਾਰੀ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਰਜਨੀਸ਼ ਜਿੰਦਲ ਦੁਆਰਾ ਦੱਸਿਆ ਗਿਆ ਕਿ ਇਹ ਫਰਟੀਲਿਟੀ ਮੈਪ ਬਲਾਕ ਦੇ ਹਰ ਪਿੰਡ ਦੀ ਮਿੱਟੀ ਦੀ ਸਿਹਤ ਨੂੰ ਬਿਆਨ ਕਰਦਾ ਹੈ, ਜੋ ਕਿ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਇਆ ਜਾਣਾ ਹੈ ਅਤੇ ਇਸ ਮੈਪ ਰਾਹੀਂ ਪਿੰਡ ਦੇ ਲੋਕਾਂ ਨੂੰ ਜ਼ਮੀਨ ਵਿੱਚ ਮੌਜੂਦ ਤੱਤ ਜਿਵੇਂ ਫਾਸਫੋਰਸ, ਜੈਵਿਕ ਮਾਦਾ, ਸਲਫ਼ਰ, ਜ਼ਿੰਕ, ਮੈਗਨੀਜ਼ ਆਦਿ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਉਪਰੰਤ ਉਨ੍ਹਾਂ ਵੱਲੋਂ ਪਿੰਡ ਦੀ ਜ਼ਮੀਨ ਵਿੱਚ ਕਿਸ ਤੱਤ ਦੀ ਘਾਟ ਹੈ ਅਤੇ ਉਸ ਦੀ ਪੂਰਤੀ ਲਈ ਕੀ ਉਪਰਾਲੇ ਕਰਨੇ ਹਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਾਵੇਗਾ। ਇਸ ਮੌਕੇ ਤੇ ਖੇਤੀਬਾੜੀ ਵਿਭਾਗ ਦੇ ਅਫ਼ਸਰ ਪ੍ਰੋਜੈਕਟ ਡਾਇਰੈਕਟਰ ਆਤਮਾ ਸਾਵਨਦੀਪ ਸ਼ਰਮਾ, ਡਿਪਟੀ ਪੀ.ਡੀ ਖੁਸ਼ਵੰਤ ਸਿੰਘ, ਡੀ.ਪੀ.ਡੀ, ਆਰਜ਼ੂ ਗੋਇਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ।