ਲੀਡਰ ਪਰੋਸ ਰਹੇ ਨੇ ਜਵਾਨੀ ਨੂੰ ਕੁਰਾਹੇ ਪਾਉਣ ਲਈ ਨਸ਼ੇ, ਗੈਂਗਵਾਦ ਅਤੇ ਲੱਚਰ ਸਭਿਆਚਾਰ?

Last Updated: May 15 2019 17:29

ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਆਗੂ ਪਰਮਜੀਤ ਕੌਰ ਮਾਛੀਕੇ ਅਤੇ ਪਵਨਦੀਪ ਕੌਰ ਨੇ ਕਿਹਾ ਕਿ ਅੱਜ ਜਦੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਨੂੰ ਬੇਵਕੂਫ਼ ਬਣਾ ਕੇ ਸੱਤਾ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨੌਜਵਾਨੀ ਨੂੰ ਕੁਰਾਹੇ ਪਾਉਣ ਲਈ ਨਸ਼ੇ, ਗੈਂਗਵਾਦ ਅਤੇ ਲੱਚਰ ਸਭਿਆਚਾਰ ਪਰੋਸਿਆ ਜਾ ਰਿਹਾ ਹੈ, ਉਸ ਸਮੇਂ ਸ਼ਹੀਦਾਂ ਦਾ ਇਤਿਹਾਸ ਹੀ ਸਾਨੂੰ ਸਹੀ ਪ੍ਰੇਰਨਾ ਦੇ ਸਕਦਾ ਹੈ। 

ਇਸ ਲਈ ਪੰਜਾਬ ਸਟੂਡੈਂਟ ਯੂਨੀਅਨ ਨੇ ਬੀੜਾ ਚੁੱਕਿਆ ਹੈ ਕਿ 2019 ਦਾ ਸਾਲ ਜੋ ਕਿ ਬਹੁਤ ਅਹਿਮ ਹੈ, ਜਿਸ ਵਰ੍ਹੇ ਦੌਰਾਨ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਨੂੰ 100 ਵਰ੍ਹਾ ਹੋ ਰਿਹਾ ਹੈ, ਉਸ ਸਮੇਂ ਸ਼ਹੀਦਾਂ ਦੇ ਇਤਿਹਾਸ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈਂਦਿਆਂ ਅੱਜ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਵਰਗੀਆਂ ਸਾਮਰਾਜੀ ਨੀਤੀਆਂ ਖ਼ਿਲਾਫ਼ ਵੱਡੀ ਲੜਾਈ ਲੜੀ ਜਾ ਸਕੇ ਅਤੇ ਫ਼ਿਰਕੂ ਸਦਭਾਵਨਾ ਬਣਾ ਕੇ ਰੱਖਦਿਆਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ।