ਮੀਂਹ ਕਰਕੇ ਮੰਡੀਆਂ 'ਚ ਪਈ ਕਣਕ ਗਈ ਭਿੱਜ, ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਮੰਗ ( ਨਿਊਜਨੰਬਰ ਖ਼ਾਸ ਖ਼ਬਰ )

Last Updated: May 15 2019 17:22

ਬੀਤੀ ਦੇਰ ਰਾਤ ਅਤੇ ਅੱਜ ਤੜਕੇ ਆਏ ਮੀਂਹ ਕਾਰਨ ਦਾਣਾ ਮੰਡੀਆਂ ਵਿੱਚ ਪਈਆਂ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਕਣਕ ਦੀਆਂ ਬੋਰੀਆਂ ਭਿੱਜ ਗਈਆਂ, ਜਿਸ ਕਾਰਨ ਕਣਕ ਖ਼ਰੀਦਣ ਵਾਲੇ ਆੜ੍ਹਤੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ 'ਚ ਖ਼ਰੀਦ ਏਜੈਂਸੀਆਂ ਅਤੇ ਲਿਫ਼ਟਿੰਗ ਠੇਕੇਦਾਰ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ।  

ਜਾਣਕਾਰੀ ਦੇ ਮੁਤਾਬਿਕ ਪਿਛਲੇ ਕੁੱਝ ਸਮੇਂ ਤੋਂ ਦਾਣਾ ਮੰਡੀ ਵਿੱਚ ਕਣਕ ਦੀ ਲਿਫ਼ਟਿੰਗ ਹੌਲੀ ਹੋਣ ਕਾਰਨ ਮੰਡੀ ਵਿੱਚ ਖੁੱਲ੍ਹੇ ਅਸਮਾਨ ਅਤੇ ਟੁੱਟੇ ਹੋਏ ਸ਼ੈੱਡਾਂ ਹੇਠਾਂ ਹਜ਼ਾਰਾਂ ਗੱਟੇ ਕਣਕ ਪਈ ਹੈ। ਕਣਕ ਵੇਚ ਕੇ ਜ਼ਿਆਦਾਤਰ ਕਿਸਾਨ ਵਾਪਸ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਪਰ ਕਿਸਾਨਾਂ ਤੋਂ ਆੜ੍ਹਤੀਆਂ ਵੱਲੋਂ ਖ਼ਰੀਦੀ ਗਈ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੇ ਗੱਟਿਆਂ ਦੇ ਢੇਰ ਲੱਗੇ ਹੋਏ ਹਨ। ਪਿਛਲੇ ਕਰੀਬ ਇੱਕ ਹਫ਼ਤੇ ਵਿੱਚ ਰੁੱਕ ਰੁੱਕ ਕੇ ਆ ਰਹੇ ਮੀਂਹ ਕਾਰਨ ਇਹ ਗੱਟੇ ਆਏ ਦਿਨ ਮੀਂਹ ਨਾਲ ਭਿੱਜ ਰਹੇ ਹਨ ਪਰ ਖ਼ਰੀਦ ਏਜੈਂਸੀਆਂ ਅਤੇ ਠੇਕੇਦਾਰਾਂ ਵੱਲੋਂ ਇਨ੍ਹਾਂ ਨੂੰ ਚੁਕਵਾਇਆ ਨਹੀਂ ਜਾ ਰਿਹਾ। 

ਇਸ ਬਾਰੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਨਿਲ ਨਗੌਰੀ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਰੋਸ਼ ਪ੍ਰਗਟ ਕਰਦਿਆਂ ਦੱਸਿਆ ਕਿ ਸਰਕਾਰੀ ਖ਼ਰੀਦ ਏਜੈਂਸੀਆਂ ਅਤੇ ਲਿਫ਼ਟਿੰਗ ਠੇਕੇਦਾਰ ਦੀ ਲਾਪਰਵਾਹੀ ਦੇ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਕਣਕ ਦੀਆਂ ਬੋਰੀਆਂ ਮੀਂਹ ਵਿੱਚ ਭਿੱਜ ਰਹੀਆਂ ਹਨ ਕਈ ਵਾਰ ਪ੍ਰਬੰਧਕੀ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਠੇਕੇਦਾਰ ਦੇ ਖ਼ਿਲਾਫ਼ ਕੜੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਦੇ ਚਲਦੇ ਆੜ੍ਹਤੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਲਿਫ਼ਟਿੰਗ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਮੰਗ ਕੀਤੀ ਹੈ।  

ਪਿੰਡ ਜੰਡਵਾਲਾ ਹਨੁਵੰਤਾ ਦੇ ਕਣਕ ਖ਼ਰੀਦ ਕੇਂਦਰ ਵਿੱਚ ਬਾਰਦਾਣੇ ਦੀ ਘਾਟ ਅਤੇ ਗੱਟਿਆਂ ਦੀ ਸਿਲਾਈ ਸਮੇਂ 'ਤੇ ਨਾ ਹੋਣ ਕਾਰਨ ਇੱਥੋਂ ਦੇ ਮਜ਼ਦੂਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰਾਂ ਨੇ ਗੱਟਿਆਂ ਦੀ ਸਿਲਾਈ ਨਾ ਕਰਵਾਉਣ ਦੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆੜ੍ਹਤੀਆਂ ਵੱਲੋਂ ਗੱਟਿਆਂ ਦੀ ਸਮੇਂ 'ਤੇ ਸਿਲਾਈ ਨਹੀਂ ਕਰਵਾਈ ਜਾ ਰਹੀ ਜਿਸ ਦੇ ਨਾਲ ਸੈਂਕੜੇ ਗੱਟੇ ਕਣਕ ਦੇ ਖੁੱਲ੍ਹੇ ਅਸਮਾਨ ਹੇਠ ਪਏ ਹਨ ਅਤੇ ਵੱਡੀ ਗਿਣਤੀ ਵਿੱਚ ਕਣਕ ਬਿਨ੍ਹਾਂ ਗੱਟਿਆਂ ਦੇ ਵੀ ਮੀਂਹ ਵਿੱਚ ਭਿੱਜ ਰਹੀ ਹੈ। ਮਜ਼ਦੂਰਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਤੋਂ ਇਸ ਵੱਲ ਧਿਆਨ ਦਿੰਦੇ ਹੋਏ ਖ਼ਰੀਦ ਕੇਂਦਰ ਵਿੱਚ ਪਏ ਖੁੱਲ੍ਹੇ ਗੱਟਿਆਂ ਦੀ ਸਿਲਵਾਈ ਕਰਵਾਉਣ ਦੀ ਮੰਗ ਕੀਤੀ ਹੈ।