ਸਿਹਤ ਵਿਭਾਗ ਵੱਲੋਂ ਕਰਵਾਏ ਗਏ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ

Last Updated: May 15 2019 16:27
Reading time: 1 min, 47 secs

ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਨੈਸ਼ਨਲ ਡੇਂਗੂ ਡੇਅ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਦੀ ਦੇਖਰੇਖ ਵਿੱਚ ਸਿਹਤ ਵਿਭਾਗ ਦੀ ਮਲੇਰੀਆ ਸ਼ਾਖਾ ਅਤੇ ਅਰਬਨ ਮਲੇਰੀਆ ਸਕੀਮ ਦੇ ਮ.ਪ.ਸੁਪ (ਮੇਲ) ਅਤੇ ਮ.ਪ.ਹ.ਵ. (ਮੇਲ) ਦੇ ਸਹਿਯੋਗ ਨਾਲ ਏ.ਐਨ.ਐਮ. ਟ੍ਰੇਨਿੰਗ ਸਕੂਲ ਅਤੇ ਜੀ.ਐਨ.ਐਮ. ਟ੍ਰੇਨਿੰਗ ਸਕੂਲ ਵਿਖੇ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਵਿੱਚ ਏ.ਐਨ.ਐਮ. ਟ੍ਰੇਨਿੰਗ ਸਕੂਲ ਅਤੇ ਜੀ.ਐਨ.ਐਮ. ਟ੍ਰੇਨਿੰਗ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ।

ਬੱਚਿਆਂ ਨੂੰ ਜਾਣਕਾਰੀ ਦਿੰਦੀਆਂ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਬਿਮਾਰੀ ਦੇ ਆਮ ਲੱਛਣ ਜਿਵੇਂ ਕਿ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾ ਵਿੱਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਜੀ ਕੱਚਾ ਹੋਣਾ ਉਲਟੀਆਂ ਦਾ ਆਉਣਾ, ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚ ਖੂਨ ਵਗਣਾ ਆਦਿ ਹਨ। ਮੱਛਰ ਦੇ ਕੱਟਣ ਤੋਂ ਬਚਾਅ ਵਾਸਤੇ ਸਾਰਾ ਸਰੀਰ ਢੱਕਣ ਵਾਲੇ ਕਪੜੇ ਪਾਏ ਜਾਣੇ ਚਾਹੀਦੇ ਹਨ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਖੂਨ ਦੀ ਜਾਂਚ ਕਰਕੇ ਡੇਂਗੂ ਸਬੰਧੀ ਪਤਾ ਲਗਾਇਆ ਜਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਬੱਬਰੀ, ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਆਪਣੇ ਆਪ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਉਣ ਵਾਸਤੇ ਕਪੜੇ ਅਜਿਹੇ ਪਾਣੇ ਚਾਹੀਦੇ ਹਨ ਜਿਸ ਨਾਲ ਸ਼ਰੀਰ ਪੂਰੀ ਤਰ੍ਹਾਂ ਢਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ। ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਸਭ ਤੋਂ ਜ਼ਰੂਰੀ ਇਹ ਹੈ ਕਿ ਪਾਣੀ ਨੂੰ ਕਿਤੇ ਵੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਤਾਂ ਕਿ ਮੱਛਰ ਦੀ ਬ੍ਰੀਡਿੰਗ ਹੀ ਨਾ ਹੋ ਸਕੇ। ਪੋਸਟਰ ਮੇਕਿੰਗ ਕੰਪੀਟੀਸ਼ਨ ਅਤੇ ਕੁਇਜ਼ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਮਿਤੀ 16 ਮਈ ਨੂੰ ਡੇਂਗੂ ਸਬੰਧੀ ਹੋਣ ਵਾਲੇ ਜ਼ਿਲ੍ਹਾ ਪੱਧਰੀ ਸੈਮੀਨਾਰ ਵਿੱਚ ਇਨਾਮ ਦਿੱਤੇ ਜਾਣਗੇ।

ਇਸ ਮੌਕੇ ਤੇ ਏ.ਐਨ.ਐਮ. ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ, ਜੀ.ਐਨ.ਐਮ. ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਮਨਜੀਤ ਕੌਰ ਅਤੇ ਗੁਰਦੇਵ ਕੌਰ, ਮਲੇਰੀਆ ਸ਼ਾਖਾ ਤੋਂ ਹਰਪ੍ਰੀਤ ਸਿੰਘ, ਮ.ਪ.ਸੁਪ. (ਮੇਲ), ਹਰਚਰਨ ਸਿੰਘ, ਮ.ਪ.ਹ.ਵ. (ਮੇਲ), ਅਰਬਨ ਮਲੇਰੀਆ ਸਕੀਮ ਗੁਰਦਾਸਪੁਰ ਤੋਂ ਪ੍ਰਬੋਧ ਚੰਦਰ, ਮ.ਪ.ਸੁਪ. (ਮੇਲ) ਅਤੇ ਪਵਨ ਕੁਮਾਰ, ਮ.ਪ.ਹ.ਵ. (ਮੇਲ) ਆਦਿ ਸ਼ਾਮਲ ਹੋਏ।