13 ਤੋਂ 39 ਹੋਈ, ਪੰਜਾਬ 'ਚ ਲੋਕ ਸਭਾ ਸੀਟਾਂ ਦੀ ਗਿਣਤੀ? (ਵਿਅੰਗ)

Last Updated: May 15 2019 16:03

19 ਮਈ ਨੇੜੇ ਤੇ ਹੋਰ ਨੇੜੇ ਆ ਰਹੀ ਹੈ, ਚੋਣ ਪ੍ਰਚਾਰ ਸਿਖ਼ਰਾਂ ਤੇ ਪੁੱਜ ਚੁੱਕਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਉਹ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਦੇਣ ਦੇ ਨਾਲ ਨਾਲ ਰਹਿੰਦੇ ਅੱਛੇ ਦਿਨ ਵੀ ਲਿਆਉਣ ਲਈ ਸਬਜਬਾਗ ਦਿਖਾ ਰਹੀਆਂ ਹਨ। ਹਾਲਾਤ ਇਹ ਹਨ ਕਿ ਚੋਣ ਪ੍ਰਚਾਰ ਲਈ ਸਟੇਜ ਤੇ ਪੈਰ ਧਰਦਿਆਂ ਹੀ ਸਿਆਸੀ ਲੀਡਰ ਇੱਕ ਦੂਜੇ ਨੂੰ ਚੋਰ ਤੇ ਧੋਖੇਬਾਜ਼ ਸਾਬਤ ਕਰਨ ਲੱਗ ਪੈਂਦੀਆਂ ਹਨ। ਮੁੱਕਦੀ ਗੱਲ, ਇਸ ਵੇਲੇ ਲੀਡਰ ਪੂਰੇ ਚਿੱਕੜੋ ਚਿੱਕੜੀ ਹੋ ਰਹੇ ਹਨ।

ਅਕਾਲੀ ਚੋਰ ਹਨ, ਚਿੱਟੇ ਦੇ ਸਮਗਲਰ ਹਨ, ਇਹ ਰੇਤਾ ਖਾ ਗਏ, ਬਜ਼ਰੀ ਖਾ ਗਏ, ਇਹਨਾਂ ਨੇ ਬੇਅਦਬੀਆਂ ਕਰਵਾਈਆਂ ਹਨ, ਵੋਟਾਂ ਦੇ ਬਾਅਦ ਐੱਸ.ਆਈ.ਟੀ. ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਪਿਸ ਆਵੇਗਾ, ਦੋਸ਼ੀਆਂ ਨੂੰ ਫੜ ਕੇ ਲਿਆਵੇਗਾ, ਬੇਅਦਬੀਆਂ ਦੇ ਕਿਸੇ ਦੋਸ਼ੀ ਨੂੰ ਨਹੀਂ ਬਖ਼ਸ਼ਾਂਗੇ, ਸਭ ਨੂੰ ਤੁੰਨ ਦਿਆਂਗੇ, ਇਹ ਗੋਲਕ ਚੋਰ ਹਨ, ਇਹ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤਦੇ ਹਨ, ਇਹਨਾਂ ਦੀਆਂ ਰੈਲੀਆਂ ਵਿੱਚ ਗੁਰਦੁਆਰਿਆਂ ਤੋਂ ਲੰਗਰ ਬਣ ਕੇ ਆਉਂਦਾ ਹੈ। ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਇਲਜ਼ਾਮ ਹਨ, ਜਿਹੜੇ ਕਿ ਕਾਂਗਰਸੀ ਲੀਡਰ, ਅਕਾਲੀਆਂ ਤੇ ਲਗਾ ਰਹੇ ਹਨ। ਕੈਪਟਨ ਤਾਂ ਕਈ ਵਾਰ ਸੁਖਬੀਰ ਬਾਦਲ ਦੀ ਤੁਲਨਾ ਸਿੱਧੀ ਬਲੂੰਗੜੇ ਨਾਲ ਕਰ ਜਾਂਦੇ ਹਨ। ਭੰਡੀ ਪ੍ਰਚਾਰ ਕਰਨ ਦੇ ਬਾਅਦ ਜਦੋਂ ਕਲੇਜਾ ਪੂਰੀ ਤਰ੍ਹਾਂ ਨਾਲ ਠੰਡਾ ਹੋ ਜਾਂਦਾ ਹੈ ਤਾਂ ਦਾਅਵਾ ਕਰਨ ਬਹਿ ਜਾਂਦੇ ਹਨ ਕਿ ਪੰਜਾਬ ਦੀ ਜਨਤਾ ਸਾਡੇ ਨਾਲ ਹਨ, ਸਾਡੀਆਂ 13 ਸੀਟਾਂ ਪੱਕੀਆਂ।

ਅਕਾਲੀਆਂ ਦੇ ਸਪੀਕਰ 'ਚੋਂ ਅਵਾਜ਼ ਆਉਂਦੀ ਹੈ, ਕੈਪਟਨ ਸ਼ਰਾਬੀ ਹੈ, ਉਹ ਸ਼ਰਾਬ ਪੀ ਕੇ ਪਿਆ ਰਹਿੰਦਾ ਹੈ, ਉਸਨੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖ਼ਾਦੀ ਸੀ, ਉਸਨੇ ਸੂਬੇ ਦੀ ਜਨਤਾ ਨਾਲ ਧੋਖਾ ਕੀਤਾ ਹੈ, ਉਸਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਇਸਨੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ, ਇਸਨੇ ਸਮਾਰਟ ਫ਼ੋਨ ਨਹੀਂ ਦਿੱਤੇ, ਇਸਨੇ ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ, ਕਾਂਗਰਸ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਵਾ ਰਹੀ ਹੈ, ਇਹਨਾਂ ਕਿਸਾਨ ਵੀ ਕੁੱਟੇ ਤੇ ਮਾਸਟਰ ਵੀ ਕੁੱਟੇ। ਕੈਪਟਨ ਸਰਕਾਰ ਹਰ ਮੁਕਾਮ ਤੇ ਫ਼ੇਲ ਸਾਬਤ ਹੋਈ ਹੈ, ਲੋਕ ਮੁੜ ਅਕਾਲੀਆਂ ਦੀ ਸਰਕਾਰ ਚਾਹੁੰਦੇ ਹਨ, ਅਸੀਂ 13 ਸੀਟਾਂ ਜਿੱਤਾਂਗੇ।

ਹੁਣ ਸੁਣ ਲਓ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਗੱਲਾਂ, ਉਹ ਕਹਿੰਦੇ ਹਨ ਅਕਾਲੀ-ਕਾਂਗਰਸੀ ਇੱਕੋ ਥੈਲੀ ਦੇ ਚੱਟੇ ਬੱਟੇ ਹਨ। ਇਹ ਵਾਰੋ ਵਾਰੀ ਪੰਜਾਬ ਨੂੰ ਲੁੱਟਦੇ ਆ ਰਹੇ ਹਨ। ਤੁਸੀਂ ਸਾਨੂੰ ਜਿਤਾਓ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਾਲਾਖ਼ਾਂ ਪਿੱਛੇ ਪਹੁੰਚਾ ਦੇਵਾਂਗੇ, ਅਸੀਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਦਿੱਲੀ ਵਰਗੇ ਬਣਾ ਦਿਆਂਗੇ, ਸੂਬੇ ਦੀ ਜਨਤਾ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਵਾਂਗੇ। ਅਖੀਰ ਵਿੱਚ ਆਮ ਆਦਮੀ ਪਾਰਟੀ ਵਾਲੇ ਵੀ ਦਾਅਵਾ ਕਰਦੇ ਹਨ ਕਿ ਸੂਬੇ ਦੀ ਜਨਤਾ ਅਕਾਲੀਆਂ ਕਾਂਗਰਸੀਆਂ ਤੋਂ ਅੱਕੀ ਬੈਠੀ ਹੈ ਇਸ ਲਈ 13 ਸੀਟਾਂ ਸਾਡੀਆਂ ਪੱਕੀਆਂ।

ਦੋਸਤੋਂ, ਕਾਂਗਰਸੀਆਂ, ਅਕਾਲੀਆਂ ਅਤੇ ਆਮ ਪਾਰਟੀ ਵਾਲਿਆਂ ਦੇ ਚੋਣ ਪ੍ਰਚਾਰ ਨੂੰ ਸੁਣਨ ਦੇ ਬਾਅਦ ਬੰਦਾ ਇੱਕ ਵਾਰ ਤਾਂ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ 39? ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਸਿਆਸੀ ਪਾਰਟੀ 13 ਸੀਟਾਂ ਨਾਲੋਂ ਘੱਟ ਸੀਟਾਂ ਲੈਣ ਦਾ ਦਾਅਵਾ ਹੀ ਨਹੀਂ ਕਰਦਾ ਨਜ਼ਰ ਆ ਰਿਹਾ। ਇਹ ਤਾਂ ਆਪਾਂ ਕੇਵਲ ਤਿੰਨ ਵੱਡੀਆਂ ਪਾਰਟੀਆਂ ਦੀ ਕਰ ਰਹੇ ਹਾਂ, ਜਦਕਿ ਚੋਣ ਮੈਦਾਨ ਵਿੱਚ ਹੋਰ ਵੀ ਕਈ ਛੋਟੀਆਂ ਵੱਡੀਆਂ ਸਿਆਸੀ ਪਾਰਟੀਆਂ ਹਨ, ਜਿਹੜੇ ਆਜ਼ਾਦ ਖੜੇ ਹਨ ਉਹ ਵੱਖਰੇ। ਸਿਆਸੀ ਚੂੰਢਮਾਰਾਂ ਅਨੁਸਾਰ, ਲੀਡਰਾਂ ਦੀ ਜੱਭਲੀਆਂ ਸੁਣਨ ਦੇ ਬਾਅਦ ਕਈ ਵਾਰ ਇੰਝ ਹੀ ਲੱਗਣ ਲੱਗ ਪੈਂਦੇ, ਜਿਵੇਂ ਸੂਬੇ ਵਿੱਚ ਲੋਕ ਸਭਾ ਦੀਆਂ 13 ਨਹੀਂ ਬਲਕਿ 39 ਸੀਟਾਂ ਹੋਣ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।