ਕੀ ਮੋਦੀ ਨੇ ਦਿਵਾਇਆ '84' ਦੇ ਪੀੜਤਾਂ ਨੂੰ ਇਨਸਾਫ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 14 2019 12:49
Reading time: 3 mins, 10 secs

1984 ਵਿੱਚ ਜੋ ਕੁਝ ਹੋਇਆ ਉਹ ਕਿਸੇ ਨੂੰ ਭੁੱਲਿਆ ਨਹੀਂ ਹੈ। ਕਿਉਂਕਿ ਚੁਰਾਸੀ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਤੋਂ ਇਲਾਵਾ ਗੈਰ ਸਿੱਖ ਨੌਜਵਾਨ ਰਾਜਨੀਤੀ ਦੀ ਭੇਂਟ ਚੜ੍ਹ ਗਏ। 84 ਦੇ ਕਤਲੇਆਮ ਨੂੰ ਲੈ ਕੇ ਜਿੱਥੇ ਲੀਡਰਾਂ ਦੇ ਵੱਲੋਂ ਸਮੇਂ-ਸਮੇਂ 'ਤੇ ਸੁਰਖੀਆਂ ਬਟੋਰੀਆਂ ਜਾਂਦੀਆਂ ਰਹੀਆਂ ਹਨ, ਉੱਥੇ ਹੀ ਇਨ੍ਹਾਂ ਪੀੜਤਾਂ ਨੂੰ ਇਨਸਾਫ ਦਵਾਉਣ ਦੇ ਨਾਂਅ 'ਤੇ ਲੀਡਰ ਵੋਟਾਂ ਵੀ ਬਟੋਰਦੇ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਹੀ ਭਾਰਤ ਦੇ ਸਿੱਖਾਂ ਦੇ ਵੱਲੋਂ 84 ਦੇ ਦੰਗੇ ਦੇ ਸਬੰਧ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਈ ਸਿੱਖਾਂ ਦੇ ਵੱਲੋਂ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਗਿਆ। 

ਮਾਣਯੋਗ ਅਦਾਲਤਾਂ ਨੇ ਜਿੱਥੇ ਦੰਗਾ ਪੀੜਤ ਸਿੱਖਾਂ ਦੀ ਆਵਾਜ਼ ਨੂੰ ਸੁਣਿਆ, ਉੱਥੇ ਹੀ ਕੁਝ ਦੋਸ਼ੀਆਂ ਨੂੰ ਸਜ਼ਾ ਵੀ ਸੁਣਾਈਆਂ, ਜੋ ਕਿ ਇਨ੍ਹਾਂ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ। ਦੋਸਤੋਂ, ਜੇਕਰ 1984 ਦੇ ਸਿੱਖ ਕਤਲੇਆਮ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਵੱਲੋਂ ਇਸ ਨੂੰ ਲੈ ਕੇ ਸੁਰਖੀਆਂ ਤਾਂ ਬਟੋਰੀਆਂ ਗਈਆਂ ਹਨ, ਪਰ ਉਕਤ ਲੀਡਰਾਂ ਦੇ ਵੱਲੋਂ ਕਦੇ ਵੀ ਮਾਣਯੋਗ ਅਦਾਲਤ ਵਿੱਚ ਅਪੀਲਾਂ ਨਹੀਂ ਕੀਤੀਆਂ ਗਈਆਂ ਕਿ ਸਿੱਖਾਂ ਨੂੰ ਇਨਸਾਫ਼ ਦੁਆਇਆ ਜਾ ਸਕੇ।

ਵੇਖਿਆ ਜਾਵੇ ਤਾਂ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਇਸ ਸਮੇਂ ਜੋ ਬਿਆਨ ਦਿੱਤੇ ਜਾ ਰਹੇ ਹਨ, ਉਸ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਨਰਿੰਦਰ ਮੋਦੀ ਬੀਤੇ ਦਿਨੀਂ ਸਿਰਸਾ, ਫਤਿਆਬਾਦ, ਕੁਰੂਕਸ਼ੇਤਰ ਆਦਿ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਸੰਬੋਧਨ ਕਰਨ ਪਹੁੰਚੇ ਸਨ। ਜਿੱਥੇ ਮੋਦੀ ਨੇ ਆਪਣੇ ਇੱਕ ਬਿਆਨ ਦੇ ਵਿੱਚ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਕਾਂਗਰਸ ਨੂੰ ਠਹਿਰਾਇਆ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਦੇ ਸ਼ਿਕਾਰ ਸਿੱਖਾਂ ਨੂੰ 34 ਸਾਲਾਂ ਬਾਅਦ ਮੋਦੀ ਸਰਕਾਰ ਦੇ ਵੱਲੋਂ ਇਨਸਾਫ਼ ਦਿਵਾਇਆ ਗਿਆ ਹੈ। 

ਹੈਰਾਨੀ ਹੁੰਦੀ ਹੈ, ਉਸ ਵੇਲੇ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਸ਼ਬਦ ਬੋਲ ਰਹੇ ਹੁੰਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ। ਵੇਖਿਆ ਜਾਵੇ ਤਾਂ ਮੋਦੀ ਸਾਹਿਬ ਦੇ ਵੱਲੋਂ ਹੁਣ ਅਜਿਹਾ ਬਿਆਨ ਦੇਣਾ ਸਿੱਧੇ-ਸਿੱਧੇ ਚੋਣ ਰਣਨੀਤੀ ਹੈ। ਜੇਕਰ ਮੋਦੀ ਸਾਹਿਬ ਦੇ ਵੱਲੋਂ 34 ਸਾਲ ਬਾਅਦ 84 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਵਾਇਆ ਗਿਆ ਹੈ ਤਾਂ ਇਹ ਬਿਆਨ ਮੋਦੀ ਵੱਲੋਂ ਪਹਿਲੋਂ ਕਿਉਂ ਨਹੀਂ ਦਿੱਤਾ ਗਿਆ। ਇਹ ਬਿਆਨ ਹੁਣ ਚੋਣਾਂ ਦੇ ਲਾਗੇ ਕਿਉਂ ਮੋਦੀ ਸਾਹਿਬ ਨੂੰ ਯਾਦ ਆਏ ਹਨ? 

ਦੂਜੇ ਪਾਸੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਕਿ ਕਥਿਤ ਤੌਰ 'ਤੇ ਸਿੱਖ ਵਿਰੋਧੀ ਹੈ ਅਤੇ ਸਮੇਂ-ਸਮੇਂ 'ਤੇ ਸਿੱਖਾਂ ਦੇ ਖ਼ਿਲਾਫ਼ ਐਕਟ ਪਾਸ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਵੱਲੋਂ 84 ਦੇ ਪੀੜਤਾਂ ਨੂੰ ਲੈ ਕੇ ਕਦੇ ਵੀ ਆਵਾਜ਼ ਨਹੀਂ ਉਠਾਈ ਗਈ, ਇਹ ਤਾਂ ਸਿੱਖਾਂ ਦੇ ਵੱਲੋਂ ਹੀ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਹੀ ਦੋਸ਼ੀਆਂ ਨੂੰ ਸਜ਼ਾ ਦਿਵਾਈ ਗਈ। ਮੋਦੀ ਦੇ ਵੱਲੋਂ ਹੁਣ ਸੁਰੱਖੀਆਂ ਬਟੋਰਨ ਦੇ ਲਈ ਹੀ ਸਿੱਖਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। 

ਜਦਕਿ ਪਿਛਲੇ ਪੰਜ ਸਾਲਾਂ ਦੇ ਵਿੱਚ ਸਿੱਖਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਹਮਲੇ ਕਰਵਾਏ ਗਏ ਹਨ। ਧਰਮ ਦੇ ਨਾਂਅ 'ਤੇ ਕੀਤੀ ਜਾ ਰਹੀ ਰਾਜਨੀਤੀ ਨੂੰ ਲੈ ਕੇ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਦੇ ਵੱਲੋਂ ਜੋ ਹੁਣ ਬਿਆਨ ਦਿੱਤੇ ਜਾ ਰਹੇ ਹਨ, ਇਹ ਸਿੱਖਾਂ ਦੀਆਂ ਵੋਟਾਂ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਤਰੀਕਾ ਹੈ। ਕਿਉਂਕਿ ਜੇ ਮੋਦੀ ਨੇ 84 ਦੇ ਦੰਗਾ ਪੀੜਤਾਂ ਨੂੰ ਇਨਸਾਫ ਦੁਆਇਆ ਹੁੰਦਾ ਤਾਂ ਮੋਦੀ ਆਪਣੇ ਪਹਿਲੇ ਭਾਸ਼ਣਾਂ ਦੇ ਵਿੱਚ ਸਿੱਖਾਂ ਨੂੰ ਮਿਲੇ ਇਨਸਾਫ ਬਾਰੇ ਜ਼ਰੂਰ ਗੱਲ ਕਰਦੇ, ਪਰ ਅਜਿਹਾ ਨਹੀਂ ਹੋ ਸਕਿਆ। 

ਚੋਣਾਂ ਦੇ ਦਿਨਾਂ ਵਿੱਚ ਮੋਦੀ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਸਿੱਖਾਂ ਦੇ ਕੁਝ ਧੜੇ ਮੋਦੀ ਦੇ ਵੱਲ ਖਿੱਚੇ ਜਾ ਰਹੇ ਹਨ। ਜਿਸਦੇ ਕਾਰਨ ਮੋਦੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਸ ਨੂੰ ਆਸ ਹੈ ਕਿ ਸਿੱਖਾਂ ਦੀ ਵੋਟ ਉਸਨੂੰ ਪਵੇਗੀ। ਪਰ ਦੋਸਤੋਂ, ਵੇਖਿਆ ਜਾਵੇ ਤਾਂ ਸਿੱਖ ਜੱਥੇਬੰਦੀਆਂ ਦੇ ਕੁਝ ਕੁ ਆਗੂ ਹੀ ਮੋਦੀ ਹੁਰਾਂ ਦੇ ਨਾਲ ਜੁੜੇ ਹੋਏ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਦੇ ਇਨ੍ਹਾਂ ਬਿਆਨਾਂ ਪਿੱਛੇ ਕੁਝ ਕੁ ਕੱਟੜਪੰਥੀ ਜੱਥੇਬੰਦੀਆਂ ਦਾ ਹੱਥ ਜ਼ਰੂਰ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸਿੱਖ ਮੋਦੀ ਨੂੰ ਵੋਟ ਪਾਉਂਦੇ ਹਨ ਜਾਂ ਨਹੀਂ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।