ਦਰਬਾਰ ਸਾਹਿਬ ਦੇ ਲੰਗਰ ਤੋ ਜੀ.ਐਸ.ਟੀ .ਅਸੀਂ ਹਟਾਇਆ: ਨਰਿੰਦਰ ਮੋਦੀ

Last Updated: May 13 2019 18:57
Reading time: 1 min, 14 secs

ਲੋਕ ਸਭਾ ਚੋਣਾ ਦੇ 6 ਚਰਨਾ 'ਤੇ ਚੋਣਾਂ ਹੋਣ ਤੋ ਬਾਅਦ ਪੰਜਾਬ ਵਿੱਚ 7ਵੇਂ ਚਰਨ ਦੀਆਂ ਚੋਣਾ ਹੋਣ ਜਾ ਰਹੀਆਂ ਹਨ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਹੁਣ ਵਿਹਲੇ ਹੋਕੇ ਪੰਜਾਬ ਵੱਲ ਨੂੰ ਆ ਰਹੇ ਹਨ। ਪੰਜਾਬ ਦੀ ਚੋਣ ਮੁਹਿੰਮ ਨੂੰ ਭਖਾਉਣ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡਾ ਵਿਖੇ ਚੋਣ ਰੈਲੀ ਕੀਤੀ। ਉਨ੍ਹਾਂ ਨੇ ਰੈਲੀ ਵਿੱਚ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਸੈਮ ਪਿਤੋਦਾ ਨੇ 84 ਦੇ ਦੰਗਿਆਂ ਬਾਰੇ ਕਿਹਾ ਕਿ ਹੋ ਗਿਆ ਤਾਂ ਹੋ ਗਿਆ। ਉਨ੍ਹਾਂ ਕਿਹਾ ਕਿ ਐਸੇ ਬਿਆਨ ਕਾਂਗਰਸ ਦੇ ਹੰਕਾਰ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਹੁਲ ਇਸ ਬਾਰੇ ਕਹਿ ਰਹੇ ਹਨ ਕਿ ਸੈਮ ਪਿਤੋਦਾ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸੈਮ ਪਿਤੋਦਾ ਨੂੰ ਡਾਟਣਾ ਇੱਕ ਨਾਟਕ ਹੈ ਕਿਉਂਕਿ ਉਹ ਤਾਂ ਉਹੀ ਬੋਲੇ ਹਨ ਜੋ ਕਾਂਗਰਸ ਦੇ ਦਿਲ ਵਿੱਚ ਹੈ। ਨਰਿੰਦਰ ਮੋਦੀ ਨੇ ਅੱਗੇ ਬੋਲਦਿਆਂ ਕਿਹਾ ਕਿ 84 ਦੇ ਪੀੜਤਾਂ ਨੂੰ 35 ਸਾਲ ਬਾਅਦ ਵੀ ਇਨਸਾਫ਼ ਨਾ ਮਿਲਣਾ ਅਤੇ ਕਾਂਗਰਸ ਵੱਲੋਂ 84 ਦੇ ਦੋਸ਼ੀਆਂ ਨੂੰ ਅਹੁਦੇ ਅਤੇ ਮੰਤਰੀ ਪਦ ਮਿਲਣਾ ਇਹ ਸ਼ਰਮਨਾਕ ਹੈ ਇਸ ਤੇ ਰਾਹੁਲ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸ ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਨੇ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ 'ਚ ਜਾਣ ਦੇਣਾ ਇਤਹਾਸਿਕ ਗ਼ਲਤੀ ਹੈ ਅਤੇ ਅਸੀ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾ ਰਹੇ ਹਾਂ ਪਰ ਕਾਂਗਰਸੀ ਪਾਕਿਸਤਾਨ ਦੀ ਜੈ ਜੈ ਕਾਰ ਕਰ ਰਹੇ ਹਨ। ਉਨ੍ਹਾਂ ਨੇ ਦਰਬਾਰ ਸਾਹਿਬ ਦੇ ਲੰਗਰ 'ਤੇ ਲੱਗੇ ਜੀ. ਐਸ. ਟੀ. ਨੂੰ ਹਟਾਉਣ ਬਾਰੇ ਕਿਹਾ ਕਿ ਇਸ ਨੂੰ ਕੇਂਦਰ ਸਰਕਾਰ ਦੁਆਰਾ ਹਟਾਇਆ ਗਿਆ ਪਰ ਇਸ ਨੂੰ ਕਾਂਗਰਸ ਆਪਣੇ ਨਾ 'ਤੇ ਕੈਸ਼ ਕਰ ਰਹੀ ਹੈ।