ਆਪਣਿਆਂ 'ਤੇ ਵੀ ਕਾਂਗਰਸੀਆਂ ਨੂੰ ਨਹੀਂ ਰਿਹਾ ਵਿਸ਼ਵਾਸ ?

Last Updated: May 13 2019 18:11
Reading time: 1 min, 15 secs

ਲੋਕ ਸਭਾ ਹਲਕੇ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣਾਂ ਲੜਨ ਦੇ ਨਾਲ ਲੋਕਾਂ ਵਿੱਚ ਵਧੀ ਵੱਡੀ ਲੋਕਪ੍ਰਿਅਤਾ ਨੇ ਕਾਂਗਰਸੀਆਂ ਨੂੰ ਬੁਖਲਾਹਟ ਪੈਦਾ ਕਰ ਦਿੱਤੀ ਹੈ। ਜਿਸ ਦਾ ਪ੍ਰਮਾਣ ਹੈ ਕਿ ਹੁਣ ਕਾਂਗਰਸੀ ਆਪਣੇ ਹੀ ਸੀਨੀਅਰ ਵਰਕਰਾਂ ਨਾਲ ਮੀਟਿੰਗ ਕਰਕੇ ਗੁਰਦੁਆਰਾ ਜਾਮਣੀ ਸਾਹਿਬ ਵੱਲ ਮੂੰਹ ਕਰਵਾ ਕੇ ਸਹੁੰਆਂ ਚੁੱਕਾ ਕੇ ਕਾਂਗਰਸ ਨੂੰ ਵੋਟਾਂ ਪਾਉਣ ਲਈ ਮਜਬੂਰ ਕਰ ਰਹੇ ਹਨ। ਇਹ ਦੋਸ਼ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਲਗਾਏ। 

ਉਨ੍ਹਾਂ ਕਿਹਾ ਕਿ ਇੱਕ ਅੰਮ੍ਰਿਤਧਾਰੀ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਵੱਲੋਂ ਕੀਤੀ ਇਹ ਹਰਕਤ ਕਾਨੂੰਨੀ ਤੌਰ 'ਤੇ ਵੀ ਗਲਤ ਹੈ ਅਤੇ ਗੁਰ ਮਰਿਆਦਾ ਅਨੁਸਾਰ ਵੀ ਕਸਮਾਂ ਖਾਣ ਵਾਲਿਆਂ 'ਤੇ ਇਤਬਾਰ ਨਾ ਕਰਨਾ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਸਭਾ ਹਲਕੇ ਦੇ ਸਮੁੱਚੇ ਪਿੰਡ ਅਤੇ ਸ਼ਹਿਰ ਵਾਸੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸੁਖਬੀਰ ਸਿੰਘ ਬਾਦਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾਈ ਬੈਠੇ ਹਨ ਅਤੇ ਮੌਜੂਦਾ ਸਰਕਾਰ ਦੀ ਵਧੀਕੀਆਂ ਤੋਂ ਦੁਖੀ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦੇ ਹੋਏ ਕਾਂਗਰਸੀਆਂ ਨੂੰ ਤਿੰਨ ਗੱਲਾਂ ਲਈ ਸਬਕ ਸਿਖਾਉਣਗੇ। 

ਪਹਿਲਾਂ ਕੈਪਟਨ ਦੇ ਝੂਠੇ ਵਾਅਦਿਆਂ ਦਾ, ਦੂਜਾ ਕਾਂਗਰਸ ਦੇ ਝੂਠੇ ਪਰਚਿਆਂ 'ਤੇ ਦਬਕਿਆਂ ਦਾ ਅਤੇ ਤੀਜਾ ਸਰਪੰਚੀਆਂ/ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਖ਼ਤਮ ਕਰਨ ਦੇ ਖ਼ਿਲਾਫ਼ ਮੂੰਹ ਤੋੜ ਜਵਾਬ ਦੇਣਗੇ। ਇੱਥੇ ਇਸ ਗੱਲ ਦਾ ਵੀ ਪ੍ਰਗਟਾਵਾ ਕਰਦਿਆਂ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸੀ ਹੁਣ ਆਪਣੇ ਹੀ ਵਰਕਰਾਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਫੋਕੀ ਸ਼ਹੋਰਤ ਲਈ ਡਰਾਮਾ ਕਰਕੇ ਖ਼ਬਰਾਂ ਲਗਵਾ ਰਹੇ ਹਨ।