ਕੀ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਹੋ ਰਹੀ ਹੈ ਸਾਜ਼ਿਸ਼ ?

Last Updated: May 13 2019 14:21
Reading time: 3 mins, 7 secs

ਸਰਬਸਾਂਝੀਵਾਲਤਾ ਦੇ ਮੁਜੱਸਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੇ ਸਮੁੱਚੀ ਦੁਨੀਆ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਇਤਿਹਾਸ ਗਵਾਹ ਹੈ ਕਿ 2015 ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਪਹਿਲੀ ਵਾਰ ਵਾਪਰੀਆਂ ਸਨ ਜਿਸ ਤੋਂ ਬਾਅਦ ਅਜੇ ਤੱਕ ਇਹ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਜੇਕਰ 2015 ਦੀ ਗੱਲ ਕਰੀਏ ਤਾਂ ਉਸ ਵੇਲੇ ਤਤਕਾਲੀਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਤੇ ਉਦੋਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਸਾਰਾ ਠੀਕਰਾ ਬਾਦਲ ਸਰਕਾਰ ਦੇ ਸਿਰ ਤੇ ਵਿਰੋਧੀਆਂ ਵੱਲੋਂ ਭੰਨਿਆ ਜਾ ਰਿਹਾ ਸੀ ਪਰ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਵਿੱਚ ਆਈ ਕਾਂਗਰਸ ਦੀ ਸਰਕਾਰ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੇ ਰੋਕ ਲਗਾ ਸਕਣ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋ ਪਾ ਰਹੀ ਹੈ ਅਤੇ ਨਾ ਹੀ ਕਾਂਗਰਸ ਦੇ ਦੋ ਸਾਲਾਂ ਦੇ ਰਾਜ ਕਾਲ ਦੌਰਾਨ ਪਿਛਲੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਿਆ ਗਿਆ ਹੈ ਤੈ ਨਾ ਹੀ ਕਿਸੇ ਨੂੰ ਸਖ਼ਤ ਸਜ਼ਾ ਹੀ ਦਿਵਾਈ ਗਈ ਹੈ। ਇੱਕਾ ਦੁੱਕਾ ਨੂੰ ਛੱਡ ਦੇਈਏ ਤਾਂ ਮੇਨ ਦੋਸ਼ੀਆਂ ਦਾ ਅਜੇ ਤੱਕ ਪਤਾ ਲਗਾਉਣ ਵਿੱਚ ਹੀ ਅਸਮਰਥ ਦਿਖਾਈ ਦੇ ਰਹੀ ਹੈ ਪੰਜਾਬ ਦੀ ਕਾਂਗਰਸ ਸਰਕਾਰ।

ਜੇਕਰ ਇਤਿਹਾਸ ਵੱਲ ਝਾਤ ਮਾਰੀਏ ਤਾਂ ਭਾਵੇਂ ਕਿ ਇੱਥੇ ਮੁਗਲਾਂ ਦਾ ਰਾਜ਼ ਸਭ ਤੋਂ ਜ਼ਾਲਮਾਨਾ ਗਿਣਿਆ ਜਾਂਦਾ ਰਿਹਾ ਹੈ ਤੇ ਉਸ ਤੋਂ ਬਾਅਦ ਅੰਗਰੇਜ਼ੀ ਰਾਜ ਵੀ ਲੰਬਾ ਸਮਾਂ ਰਿਹਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਕਦੇ ਵੀ ਨਹੀਂ ਸਨ ਵਾਪਰੀਆਂ ਤੇ ਨਾ ਹੀ ਅਜਿਹਾ ਕੋਈ ਇਤਿਹਾਸ ਵਿੱਚ ਜ਼ਿਕਰ ਹੀ ਆਉਂਦਾ ਹੈ। ਪਰ ਜਿਸ ਤਰ੍ਹਾਂ ਅਜੋਕੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਇਹ ਪੰਜਾਬ ਵਿਚਲੀ ਸ਼ਾਂਤੀ ਤੇ ਅਮਨ ਵਿਵਸਥਾ ਨੂੰ ਜ਼ਰੂਰ ਲਾਂਬੂ ਲਾਉਣ ਦਾ ਕੰਮ ਕਰਨ ਜਾ ਰਹੀਆਂ ਹਨ ਅਜਿਹਾ ਪ੍ਰਤੀਤ ਹੋ ਰਿਹਾ ਹੈ। ਜੇਕਰ ਪੰਜਾਬ ਦੇ ਕਾਲੇ ਦੌਰ ਦਾ ਜ਼ਿਕਰ ਕਰੀਏ ਤਾਂ ਉਸ ਸਮੇਂ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਨਾਲ ਹੀ ਇਸ ਦਾ ਮੁੱਢ ਬੱਝਾ ਸੀ ਤੇ ਉਸ ਸਮੇਂ ਤਤਕਾਲੀਨ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਾਨ ਵਿੱਚ ਗੁਸਤਾਖ਼ੀ ਕੀਤੀ ਗਈ ਦੱਸੀ ਗਈ ਸੀ ਜਿਸ ਤੋਂ ਬਾਅਦ ਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਝੜਪਾਂ ਹੋਈਆਂ ਸਨ। ਉਸ ਸਮੇਂ ਜੱਥੇਦਾਰ ਰਣਜੀਤ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਲਈ ਹੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਗੋਲੀ ਮਾਰੀ ਗਈ ਸੀ ਜਿਸ ਤੋਂ ਪੰਜਾਬ ਵਿੱਚ ਕਾਲਾ ਦੌਰ ਸ਼ੁਰੂ ਹੋ ਗਿਆ ਸੀ ਤੇ ਜਿਸ ਕਰਕੇ ਅਨੇਕਾਂ ਬੇਦੋਸ਼ੀਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ ਤੇ ਲੱਖਾਂ ਹੀ ਲੋਕਾਂ ਨੂੰ ਕੰਮਾਂ ਕਾਰਾਂ ਤੋਂ ਪ੍ਰਭਾਵਿਤ ਵੀ ਹੋਣਾ ਪਿਆ ਸੀ।

ਕੀ ਹੁਣ ਫੇਰ ਜਿਸ ਤਰ੍ਹਾਂ ਬੇਅਦਬੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ? ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦਾ ਨਤੀਜਾ ਤਾਂ ਨਹੀਂ ਤਾਂ ਜੋ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧਕੇਲਿਆ ਜਾ ਸਕੇ। ਜੇਕਰ ਵੇਖਿਆ ਜਾਵੇ ਤਾਂ ਅੱਜ ਹਰ ਸਿਆਸੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਸਿਰਫ਼ ਤੇ ਸਿਰਫ਼ ਸਿਆਸਤ ਹੀ ਕਰਦੀ ਨਜ਼ਰ ਆ ਰਹੀ ਹੈ। ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ ਪਰ ਹੁਣ ਕਾਂਗਰਸ ਦੇ ਰਾਜ਼ ਵਿੱਚ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ ਨਾਲ ਫੇਰ ਸਿਆਸਤ ਗਰਮਾ ਗਈ ਹੈ। ਹੁਣ ਮਲੇਰਕੋਟਲਾ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ਦੇ ਪਿੱਛੇ ਕਿਸ ਦਾ ਹੱਥ ਤੇ ਕੌਣ ਸਾਜ਼ਿਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿੱਚ ਲੱਗਿਆ ਹੋਇਆ ਹੈ ਦਾ ਸਰਕਾਰ ਵੱਲੋਂ ਪਤਾ ਲਗਾਉਣਾ ਪਹਿਲ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿਗੜਨ ਤੋਂ ਪਹਿਲਾਂ ਹੀ ਅਸਲ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾ ਸਕਣ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਤਰ੍ਹਾਂ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੀਆਂ ਸਨ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬੀਤੇ ਦਿਨੀਂ ਬਿਆਨ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਰਾਜ ਦੌਰਾਨ ਕੋਈ ਵੀ ਮੇਜਰ ਘਟਨਾ ਨਹੀਂ ਵਾਪਰੀ ਹੈ ਜਿਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਅਜਿਹੀ ਘਟਨਾ ਵਾਪਰ ਗਈ ਹੈ। ਜਿਸ ਕਰਕੇ ਬੜੀ ਹੀ ਡੂੰਘਾਈ ਨਾਲ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਤੱਥ ਸਾਹਮਣੇ ਆ ਸਕਣ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।