ਵੱਡੇ ਬਾਦਲ ਸਾਹਿਬ ਸਿਖਾ ਰਹੇ ਹਨ ਆਪਣੇ ਪੋਤੇ ਨੂੰ ਸਿਆਸਤ ਦੇ ਗੁਰ?

Last Updated: May 13 2019 14:27
Reading time: 2 mins, 58 secs

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਗਿਣੇ ਜਾਣ ਵਾਲੇ ਬਜ਼ੁਰਗ ਬਾਦਲ ਨੇ ਆਪਣੀਆਂ ਦੁਰਦਰਸ਼ੀ ਨੀਤੀਆਂ ਕਰਕੇ ਜਿੱਥੇ ਸਮੇਂ ਦਾ ਖੂਬ ਆਪਣੇ ਹੱਕ ਵਿੱਚ ਉਪਯੋਗ ਕੀਤਾ ਹੈ, ਉੱਥੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਜ਼ਮੀਨ ਤਿਆਰ ਕਰ ਦਿੱਤੀ ਹੈ। ਬਜ਼ੁਰਗ ਬਾਦਲ ਦੀ ਹੀ ਦੇਣ ਹੈ ਕਿ ਅੱਜ ਉਨ੍ਹਾਂ ਦਾ ਲੜਕਾ ਸੁਖਬੀਰ ਸਿੰਘ ਬਾਦਲ ਸਿਆਸਤ ਦੀਆਂ ਬੁਲੰਦੀਆਂ ਨੂੰ ਛੋਂਹਦਿਆਂ ਹੋਇਆਂ ਇਕੱਲਾ ਪਾਰਟੀ ਦਾ ਹੀ ਪ੍ਰਧਾਨ ਨਹੀਂ ਬਣ ਬੈਠਾ ਸਗੋਂ ਸਰਕਾਰ ਵਿੱਚ ਵੀ ਉੱਚ ਅਹੁਦਾ ਹੰਢਾਉਂਦਾ ਰਿਹਾ ਹੈ। ਜੇਕਰ ਗੱਲ ਕਰੀਏ ਸੁਖਬੀਰ ਬਾਦਲ ਦੀ ਤਾਂ ਉਸ ਨੇ ਦਿੱਲੀ ਦੀ ਸਿਆਸਤ ਤੋਂ ਇਲਾਵਾ ਪੰਜਾਬ ਸਰਕਾਰ ਵਿੱਚ ਵੀ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਤੱਕ ਦੇ ਅਹੁਦਿਆਂ ਤੇ ਕੰਮ ਕੀਤਾ ਹੈ ਤੇ ਸ਼ਾਇਦ ਇਹ ਸਭ ਕੁਝ ਇਸੇ ਕਰਕੇ ਹੀ ਸੰਭਵ ਹੋ ਸਕਿਆ ਹੈ ਕਿ ਬਜ਼ੁਰਗ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੱਖ ਵਿੱਚ ਕਰਨ ਲਈ ਕਈ ਹੀਲੇ ਵਰਤੇ ਸਨ।

ਵੱਡੇ ਬਾਦਲ ਦੀ ਸੂਝ-ਬੂਝ ਜਾਂ ਸਿਆਸੀ ਸ਼ਤਰੰਜੀ ਚਾਲਾਂ ਹੀ ਕਹਿ ਲਓ ਕਿ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਦੇ ਕੱਦ ਦਾ ਕੋਈ ਵੀ ਹੋਰ ਲੀਡਰ ਪੈਦਾ ਨਹੀਂ ਹੋ ਸਕਿਆ ਤੇ ਜੇਕਰ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸਾਂਭਣ ਲਈ ਯਤਨ ਕੀਤਾ ਤਾਂ ਉਹ ਬਹੁਤਾ ਸਮਾਂ ਪਾਰਟੀ ਤੇ ਆਪਣੀ ਪਕੜ ਨਹੀਂ ਬਣਾ ਸਕਿਆ। ਬਾਦਲ ਪਰਿਵਾਰ ਹੀ ਅਜਿਹਾ ਪਰਿਵਾਰ ਹੈ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਸਿਰਫ ਆਪਣੇ ਅਧਿਕਾਰ ਹੇਠ ਲਿਆਂਦਾ ਸਗੋਂ ਪਾਰਟੀ ਤੇ ਸੰਪੂਰਣ ਏਕਾਧਿਕਾਰ ਕਰਨ ਵਿੱਚ ਕਾਮਯਾਬ ਰਿਹਾ ਹੈ। ਅਕਾਲੀ ਦਲ ਨਾਲ ਸਬੰਧਿਤ ਕਈ ਕਦਾਵਰ ਲੀਡਰਾਂ ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਕੈਪਟਨ ਕੰਵਲਜੀਤ ਸਿੰਘ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਸਮੇਤ ਕਈ ਹੋਰਨਾਂ ਨੇ ਸਮੇਂ-ਸਮੇਂ ਤੇ ਕੋਸ਼ਿਸ਼ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਅਧਿਕਾਰ ਜਮਾਇਆ ਜਾ ਸਕੇ ਪਰ ਅਫਸੋਸ ਕਿਸੇ ਨੂੰ ਵੀ ਓਨੀ ਸਫਲਤਾ ਹੱਥ ਨਹੀਂ ਲੱਗੀ ਜਿੰਨੀ ਬਾਦਲ ਪਰਿਵਾਰ ਨੂੰ ਮਿਲੀ ਹੈ।

ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੀ ਪਾਰਟੀ ਵੀ ਗਰਦਾਨਿਆ ਜਾਣ ਲੱਗ ਪਿਆ ਹੈ ਕਿਉਂਕਿ ਜਿਸ ਕਿਸੇ ਨੇ ਵੀ ਬਾਦਲ ਪਰਿਵਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ ਤੇ ਕਈ ਆਵਾਜ਼ਾਂ ਤਾਂ ਬੰਦ ਹੀ ਹੋ ਗਈਆਂ ਹਨ। ਹੁਣ ਜਦਕਿ ਬਜ਼ੁਰਗ ਬਾਦਲ ਨੇ ਆਪਣੀ ਜ਼ਿੰਦਗੀ ਦੇ ਅਹਿਮ ਪਲ ਸਿਆਸਤ ਨੂੰ ਸਮਰਪਿਤ ਕਰ ਦਿੱਤੇ ਹਨ ਤੇ ਹਰ ਹੀਲਾ ਵਰਤ ਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਵੀ ਨਵੇਂ ਰਸਤੇ ਖੋਲ ਦਿੱਤੇ ਹਨ ਅਜਿਹੇ ਵਿੱਚ ਸੁਖਬੀਰ ਤੋਂ ਬਾਅਦ ਉਨ੍ਹਾਂ ਦੀ ਤੀਸਰੀ ਪੀੜ੍ਹੀ ਵੀ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰ ਗਈ ਹੈ। ਬਾਬੇ ਬਾਦਲ ਦੇ ਪੋਤਰਾ ਅਤੇ ਪੋਤਰੀਆਂ ਨੇ ਵੀ ਇਸ ਲੋਕਸਭਾ ਚੋਣਾਂ ਵਿੱਚ ਮੈਦਾਨ ਵਿੱਚ ਦਸਤਕ ਦੇ ਦਿੱਤੀ ਹੈ ਤੇ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਆਪਣੇ ਮਾਤਾ-ਪਿਤਾ ਲਈ ਪ੍ਰਚਾਰ ਕਰਦੇ ਵੀ ਨਜ਼ਰ ਆ ਰਹੇ ਹਨ।

ਬੀਤੇ ਕੱਲ ਤਾਂ ਬਜ਼ੁਰਗ ਬਾਦਲ ਨੇ ਆਪਣੇ ਪੋਤਰਾ ਅਨੰਤਬੀਰ ਸਿੰਘ ਬਾਦਲ ਨੂੰ ਵੀ ਸਿਆਸਤ ਦੇ ਗੁਰ ਸਿਖਾਉਣੇ ਸ਼ੁਰੂ ਕਰ ਦਿੱਤੇ ਸਨ। ਬਜ਼ੁਰਗ ਬਾਦਲ ਨੇ ਬਠਿੰਡਾ ਲੋਕਸਭਾ ਹਲਕੇ ਵਿੱਚ ਆਪਣੀ ਨੂੰਹ ਲਈ ਪ੍ਰਚਾਰ ਕਰਦਿਆਂ ਜਿੱਥੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ, ਉੱਥੇ ਨਾਲ ਹੀ ਆਪਣੇ ਪੋਤਰੇ ਅਨੰਤਬੀਰ ਸਿੰਘ ਬਾਦਲ ਨੂੰ ਵੀ ਸਟੇਜ਼ ਤੇ ਖੜਾ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕਰਨ ਲਈ ਕਿਹਾ ਸੀ। ਜਿਸ ਤਰ੍ਹਾਂ ਵੱਡੇ ਬਾਦਲ ਵੱਲੋਂ ਆਪਣੀ ਤੀਸਰੀ ਪੀੜ੍ਹੀ ਨੂੰ ਸਿਆਸਤ ਦੇ ਗੁਰ ਸਿਖਾਏ ਜਾ ਰਹੇ ਹਨ ਉਸ ਤੋਂ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਨੰਤਬੀਰ ਸਿੰਘ ਵੀ ਇੱਕ ਮੰਝਿਆ ਹੋਇਆ ਸਿਆਸਤਦਾਨ ਜ਼ਰੂਰ ਬਣਨ ਜਾ ਰਿਹਾ ਹੈ। ਬਾਦਲ ਦੇ ਕਹਿਣ ਤੇ ਉਨ੍ਹਾਂ ਦੇ ਪੋਤੇ ਨੇ ਜਿਸ ਤਰ੍ਹਾਂ ਦੋਵੇਂ ਹੱਥ ਜੋੜ ਕੇ ਮੁਸਕੁਰਾਉਂਦਿਆਂ ਹੋਇਆਂ ਲੋਕਾਂ ਨੂੰ ਅਪੀਲ ਕੀਤੀ ਸੀ, ਉਸ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਿਆਸਤ ਦੀ ਪਹਿਲੀ ਪੌੜੀ ਚੜਣ ਵਿੱਚ ਕਾਮਯਾਬ ਹੋ ਗਏ ਹਨ ਤੇ ਜਲਦੀ ਹੀ ਉਹ ਸਿਆਸਤ ਦੇ ਅਗਲੇ ਸਬਕ ਬਾਬੇ ਬੋਹੜ ਅਤੇ ਆਪਣੇ ਦਾਦੇ ਕੋਲੋਂ ਸਿੱਖਣ ਲਈ ਤਿਆਰ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।