ਲੀਡਰੋਂ ਚੌਕੀਦਾਰਾਂ ਨੇ ਤੁਹਾਡਾ ਕੀ ਵਿਗਾੜਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 13 2019 13:33
Reading time: 3 mins, 21 secs

ਪਿੰਡ ਦੀ ਕਹਿ ਲਓ, ਸ਼ਹਿਰ ਦੀ ਜਾਂ ਫਿਰ ਮੁਹੱਲੇ ਜਾਂ ਫਿਰ ਕਿਸੇ ਗੁਦਾਮ ਦੀ ਰਾਖੀ ਕਰਨ ਵਾਲਾ ਤਾਂ ਚੌਕੀਦਾਰੀ ਹੀ ਹੁੰਦੀ ਹੈ। ਇੱਕ ਚੌਕੀਦਾਰ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਤਹਿਤ ਆਪਣਾ-ਆਪਣਾ ਇਲਾਕਾ ਸੰਭਾਲਿਆ ਜਾਂਦਾ ਹੈ। ਪਰ ਦੋਸਤੋਂ, ਪਿਛਲੇ ਲੰਮੇ ਸਮੇਂ ਤੋਂ ਸਾਡੇ ਦੇਸ਼ ਦੇ ਅੰਦਰ ਚੌਕੀਦਾਰ ਚੋਰ ਹੈ, ਚੌਕੀਦਾਰ ਸਮਾਜ ਸੇਵੀ ਹੈ, "ਚੌਕੀਦਾਰ ਇਹ ਹੈ, ਚੌਕੀਦਾਰ ਵੋਹ ਹੈ" ਦਾ ਰੌਲਾ ਲੰਮੇ ਸਮੇਂ ਤੋਂ ਪੈ ਰਿਹਾ ਹੈ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੀ ਕਾਫੀ ਗਰਮਾਈਆਂ ਹੋਈਆਂ ਹਨ।

ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੌਕੀਦਾਰ ਚੋਰ ਕਹਿ ਕੇ ਪੁਕਾਰਿਆ ਜਾ ਰਿਹਾ ਹੈ, ਉੱਥੇ ਹੀ ਨਰਿੰਦਰ ਮੋਦੀ ਆਪਣੇ ਆਪ ਨੂੰ ਸਾਧ ਚੌਕੀਦਾਰ ਦੱਸ ਰਿਹਾ। ਚੌਕੀਦਾਰ ਸਾਧ ਹੋਵੇ ਜਾਂ ਚੋਰ, ਚੌਕੀਦਾਰ ਤਾਂ ਚੌਕੀਦਾਰ ਹੀ ਹੁੰਦੈ। ਪਰ ਦੋਸਤੋ ਇਨ੍ਹਾਂ ਲੀਡਰਾਂ ਨੂੰ ਕੀ ਪਤਾ ਕਿ ਚੌਕੀਦਾਰ ਅਸਲ ਵਿੱਚ ਚੌਕੀਦਾਰ ਹੀ ਹੁੰਦਾ ਹੈ ਅਤੇ ਦਿਨ-ਰਾਤ ਆਪਣੀ ਡਿਊਟੀ 'ਤੇ ਰਹਿੰਦਾ ਹੈ ਅਤੇ ਉਹ ਨਾਮਾਤਰ ਤਨਖ਼ਾਹਾਂ ਲੈ ਕੇ ਆਪਣੀ ਡਿਊਟੀ ਨਿਭਾਉਂਦਾ ਹੈ।

ਦੁੱਖ ਹੁੰਦਾ ਹੈ ਉਦੋਂ ਜਦੋਂ ਸਾਡੇ ਦੇਸ਼ ਦੇ ਵੱਡੇ-ਵੱਡੇ ਲੀਡਰ ਜੋ ਕਿ ਕਰੋੜਾਂ ਦੇ ਮਾਲਕ ਬਣੇ ਬੈਠੇ ਹਨ ਅਤੇ ਉਹ ਆਪਣੇ ਆਪ ਨੂੰ ਚੌਕੀਦਾਰ ਕਹਿ ਰਹੇ ਹਨ। ਅਜਿਹਾ ਉਦੋਂ ਹੀ ਹੁੰਦਾ ਹੈ, ਜਦੋਂ ਸਾਡੇ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਕੁਚਲਣਾ ਹੋਵੇ। ਦੋਸਤੋ, ਇੱਥੇ ਹੈਰਾਨੀ ਵਾਲੀ ਗੱਲ ਤਾਂ ਤੁਹਾਨੂੰ ਦੱਸੀਏ ਕਿ ਚੌਕੀਦਾਰ ਭਾਵੇਂ ਪੂਰਾ ਸਮਾਂ ਡਿਊਟੀ ਦੇਣ ਦੇ ਬਾਵਜੂਦ ਵੀ ਉਸ ਨੂੰ ਉਸ ਦਾ ਮਿਹਨਤਾਨਾ ਨਹੀਂ ਮਿਲਦਾ, ਪਰ ਲੀਡਰਾਂ ਦੇ ਵੱਲੋਂ ਤਾਂ ਚੌਕੀਦਾਰ ਦੇ ਨਾਂਅ 'ਤੇ ਚੰਗੀਆਂ ਸੁਰਖ਼ੀਆਂ ਬਟੋਰੀਆਂ ਜਾਂਦੀਆਂ ਹਨ।

ਸਮੇਂ-ਸਮੇਂ 'ਤੇ ਕਾਂਗਰਸ ਦੇ ਵੱਲੋਂ ਮੋਦੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਰਾਹੁਲ ਗਾਂਧੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ, ਜੋ ਕਿ ਸਾਬਤ ਕਰਦਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਹੋਰ ਕੋਈ ਮੁੱਦਾ ਨਹੀਂ ਹੈ। ਉਹ ਸਿਰਫ਼ ਚੌਕੀਦਾਰਾਂ ਦੇ ਨਾਮ ਨੂੰ ਵਰਤ ਕੇ ਸਿਆਸਤ ਹੀ ਕਰ ਸਕਦਾ ਹੈ। ਚੌਕੀਦਾਰੀ ਸਮੱਸਿਆਵਾਂ ਨੂੰ ਕਦੇ ਵੀ ਨਹੀਂ ਸੁਣਿਆਂ ਜਾਂਦਾ। ਚੌਕੀਦਾਰਾਂ ਦੀਆਂ ਸਮੱਸਿਆਵਾਂ ਭਾਵੇਂ ਹੀ ਬਹੁਤ ਜ਼ਿਆਦਾ ਹਨ। 

ਪਰ ਮੋਦੀ ਸਾਹਿਬ ਦੇ ਵੱਲੋਂ ਇੱਕ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਦੋਸਤੋ, ਜੇਕਰ ਆਪਾਂ ਇਹ ਚੌਕੀਦਾਰ ਮੁੱਦੇ ਨੂੰ ਲੈ ਕੇ ਬੁੱਧੀਜੀਵੀ ਵਰਗ ਦੀ ਮੰਨੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਵੀ ਸਾਡੇ ਦੇਸ਼ ਦੇ ਅੰਦਰ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਨਿੱਤ ਨਵੇਂ ਨਾਵਾਂ ਦੇ ਨਾਲ ਲੀਡਰਾਂ ਨੂੰ ਪੁਕਾਰਿਆ ਜਾਂਦਾ ਰਿਹਾ ਹੈ। ਭਾਵੇਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣ। 

ਇਨ੍ਹਾਂ ਲੀਡਰਾਂ ਨੂੰ ਚੋਣਾਂ ਦੇ ਦਿਨਾਂ ਵਿੱਚ ਨਿੱਤ ਨਵੇਂ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ। ਇਸ ਸਮੇਂ ਲੋਕ ਸਭਾ ਚੋਣਾਂ ਦਾ ਮਾਹੌਲ ਭਾਵੇਂ ਗਰਮਾਇਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਵਿੱਚ ਆਮ ਮੁੱਦਿਆਂ ਨੂੰ ਸਿਆਸੀ ਪਾਰਟੀਆਂ ਜਿੱਥੇ ਪਿੱਛੇ ਰੱਖ ਰਹੀਆਂ ਹਨ, ਉੱਥੇ ਚੌਕੀਦਾਰ ਦੇ ਨਾਮ ਡਾਢਾ ਹੀ ਵਰਤਿਆ ਜਾ ਰਿਹਾ ਹੈ। ਜਿਸ ਦੇ ਕਾਰਨ ਚੌਕੀਦਾਰਾਂ ਵਿੱਚ ਭਾਰੀ ਨਿਰਾਸ਼ਾ ਹੈ। ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜਿਹੜੇ ਲੀਡਰ ਚੌਕੀਦਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ, ਉਹ ਖ਼ੁਦ ਚੌਕੀਦਾਰੀ ਕਰਕੇ ਦੇਸ਼ ਦੀਆਂ ਸਮੱਸਿਆਵਾਂ ਦਾ ਕੀ ਸਮਾਧਾਨ ਕਰਨਗੇ?

ਅਜਿਹੇ ਲੀਡਰਾਂ ਤੋਂ ਇਹੀ ਆਸ ਲਗਾਈ ਜਾ ਸਕਦੀ ਹੈ ਕਿ ਇਹ ਸਿਰਫ਼ ਸੁਰੱਖਿਆ ਬਟੋਰਣ ਲਈ ਚੌਕੀਦਾਰਾਂ ਦੇ ਨਾਂਅ ਨੂੰ ਹੀ ਵਰਤਦੇ ਹਨ। ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਜਿੱਥੇ ਚੌਕੀਦਾਰ ਚੋਰ ਦਾ ਨਾਅਰਾ ਲਗਾਇਆ ਜਾ ਰਿਹਾ ਹੈ, ਇਹ ਨਾਅਰਾ ਭਾਵੇਂ ਹੀ ਕਾਂਗਰਸ ਪਾਰਟੀ ਨੂੰ ਫ਼ਾਇਦਾ ਪਹੁੰਚਾਵੇ ਜਾਂ ਨਾ ਪਹੁੰਚਾਵੇ। ਪਰ ਚੌਕੀਦਾਰਾਂ ਨੂੰ ਨੁਕਸਾਨ ਜ਼ਰੂਰ ਪਹੁੰਚਾ ਰਿਹਾ ਹੈ। ਕਿਉਂਕਿ ਜਿਹੜੀ ਕਲੋਨੀ ਵਿੱਚ ਚੌਕੀਦਾਰ ਜਿਹੜੇ ਲੋਕਾਂ ਦੇ ਵੱਲੋਂ ਰੱਖੇ ਗਏ ਹਨ, ਉਨ੍ਹਾਂ ਦਾ ਵੀ ਆਪਣੇ ਚੌਕੀਦਾਰਾਂ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। 

ਜਿਸਦੇ ਕਾਰਨ ਆਰਜ਼ੀ ਚੌਕੀਦਾਰਾਂ 'ਤੇ ਇਹ ਸਿਆਸਤ ਭਾਰੂ ਪੈ ਰਹੀ ਹੈ। ਚੌਕੀਦਾਰਾਂ ਦੀ ਰੋਟੀ ਵਿੱਚ ਇਹ ਲੀਡਰਾਂ ਦੇ ਵੱਲੋਂ ਲੱਤ ਮਾਰਨ ਦਾ ਜਿੱਥੇ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਇਹ ਲੀਡਰ ਮੁੱਖ ਮੁੱਦਿਆਂ ਨੂੰ ਪਾਸੇ ਰੱਖ ਕੇ ਧਰਮ ਅਤੇ ਜਾਤ-ਪਾਤ ਦੀ ਰਾਜਨੀਤੀ ਕਰ ਰਹੇ ਹਨ। ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੌਕੀਦਾਰ ਚੋਰ ਕਹਿਣ ਵਾਲੀ ਪਾਰਟੀ ਨੂੰ ਲੋਕ ਵੋਟਾਂ ਪਾਉਂਦੇ ਹਨ ਜਾਂ ਫਿਰ ਚੌਕੀਦਾਰ ਅਖਵਾਉਣ ਵਾਲੀ ਪਾਰਟੀ ਨੂੰ ਲੋਕ ਵੋਟਾਂ ਪਾਉਂਦੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੀ ਪਾਰਟੀ ਕੇਂਦਰ ਦੀ ਸੱਤਾ ਵਿੱਚ ਆਉਂਦੀ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।