ਸੈਮ ਪਿਤਰੋਦਾ ਤੇ ਰਾਜਾ ਵੜਿੰਗ ਦੀ ਭਾਸ਼ਾ ਸਿੱਖੀ ਖ਼ਿਲਾਫ਼ : ਬਾਬਾ ਹਰਨਾਮ ਸਿੰਘ ਖ਼ਾਲਸਾ

Last Updated: May 13 2019 12:49

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਕਾਂਗਰਸ ਆਗੂ ਰਾਜਾ ਵੜਿੰਗ ਵੱਲੋਂ ਹਿੰਦੂ-ਸਿੱਖਾਂ 'ਚ ਨਫ਼ਰਤ ਪੈਦਾ ਕਰਨ ਵਾਲੇ ਬੇਤੁਕੇ ਬਿਆਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵੱਲੋਂ "1984 ਮੇਂ ਜੋ ਹੂਆ ਸੋ ਹੁਆ" ਨੇ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਜਜ਼ਬਾਤਾਂ ਨੂੰ ਸੱਟ ਮਾਰਨ ਵਾਲੇ ਕਾਂਗਰਸੀ ਆਗੂਆਂ ਦੇ ਅਜਿਹੇ ਬਿਆਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਕਾਂਗਰਸ ਦੀ ਮਾਨਸਿਕਤਾ ਮੁੱਢ ਕਦੀਮ ਤੋਂ ਹੀ ਸਿੱਖਾਂ ਦੇ ਖ਼ਿਲਾਫ਼ ਰਹੀ ਹੈ। ਕਾਂਗਰਸੀਆਂ ਦੀ ਭਾਸ਼ਾ ਦੱਸ ਰਹੀ ਹੈ ਕਿ ਕਾਂਗਰਸ ਦੇ ਚਰਿੱਤਰ 'ਚ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ। 

ਦਮਦਮੀ ਟਕਸਾਲ ਮੁਖੀ ਨੇ ਸੈਮ ਪਿਤਰੋਦਾ ਨੂੰ ਅਹੁਦੇ ਤੋਂ ਹਟਾਏ ਬਿਨਾਂ ਰਾਹੁਲ ਗਾਂਧੀ ਵੱਲੋਂ ਉਸ ਦੇ ਬਿਆਨ 'ਤੇ ਅਫ਼ਸੋਸ ਜਤਾਉਣ ਨੂੰ ਮਗਰਮੱਛ ਦੇ ਆਂਸੂ ਵਹਾਉਣ ਅਤੇ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਤੁੱਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੈਮ ਦਾ ਬਿਆਨ ਰਾਜੀਵ ਗਾਂਧੀ ਦੇ ਉਸ ਬਿਆਨ ਦੀ ਤਰਜਮਾਨੀ ਹੈ ਜਿਸ 'ਚ ਉਨ੍ਹਾਂ "ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ" ਕਿਹਾ ਸੀ। ਉਨ੍ਹਾਂ ਕਿਹਾ ਕਿ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਮੁੱਖ ਮੰਤਰੀ ਅਤੇ ਹੋਰ ਅਹਿਮ ਅਹੁਦਿਆਂ 'ਤੇ ਅੱਜ ਵੀ ਬਿਠਾਉਣ ਤੋਂ ਪਤਾ ਚਲਦਾ ਹੈ ਕਿ ਰਾਹੁਲ ਗਾਂਧੀ ਆਪਣੇ ਪਰਿਵਾਰਕ ਨਕਸ਼ੇ ਕਦਮਾਂ 'ਤੇ ਚਲਦਿਆਂ 34 ਸਾਲਾਂ ਬਾਅਦ ਵੀ ਸਿੱਖ ਵਿਰੋਧੀ ਸੋਚ 'ਚ ਕੋਈ ਤਬਦੀਲੀ ਨਹੀਂ ਲਿਆਉਣਾ ਚਾਹੁੰਦੇ। ਉਨ੍ਹਾਂ '84 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਣ ਦੇ ਵਿਚਾਰਾਂ ਪ੍ਰਤੀ ਸਵਾਲ ਕੀਤਾ ਕਿ ਇਨਸਾਨੀਅਤ ਪ੍ਰਤੀ ਸ਼ਰਮਨਾਕ ਤੇ ਦਰਦਨਾਕ ਘਾਣ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਮ ਪਿਤਰੋਦਾ ਪਹਿਲਾ ਕਾਂਗਰਸੀ ਨਹੀਂ ਜਿਸ ਨੇ '84 ਦੇ ਸਿੱਖ ਨਸਲਕੁਸ਼ੀ ਨੂੰ ਕਾਂਗਰਸ ਵੱਲੋਂ ਕੀਤਾ ਗਿਆ ਹੋਣਾ ਸਵੀਕਾਰਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸਮੇਤ ਅਨੇਕਾਂ ਕਾਂਗਰਸੀ ਆਗੂ ਅਤੇ ਹੁਣ ਅਦਾਲਤਾਂ ਵੀ ਇਸ ਗੱਲ ਨੂੰ ਸਵੀਕਾਰ ਕਰ ਚੁੱਕੇ ਹਨ। 

ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਮੁਖੀ ਨੇ ਰਾਜਾ ਵੜਿੰਗ ਵੱਲੋਂ ਹਿੰਦੂ ਅਤੇ ਸਿੱਖ ਭਾਈਚਾਰਿਆਂ 'ਚ ਨਫ਼ਰਤ ਪੈਦਾ ਕਰਨ ਵਾਲੇ ਦਿੱਤੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਨੇ ਪੰਜਾਬ ਨੂੰ ਕਿਵੇਂ ਲੁੱਟਿਆ, ਕੁੱਟਿਆ ਤੇ ਹੱਕ ਖੋਹੋ, ਦਰਿਆਈ ਪਾਣੀਆਂ 'ਤੇ ਡਾਕਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ, ਜਿਸ ਦੇ ਚਲਦਿਆਂ ਸਮੁੱਚੇ ਪੰਜਾਬੀਆਂ ਦੇ ਹੱਕਾਂ ਲਈ ਧਰਮਯੁੱਧ ਮੋਰਚਾ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਹੱਕਾਂ ਹਿਤਾਂ ਲਈ ਪੰਜਾਬੀਆਂ ਨਾਲ ਖੜ੍ਹਨ ਦੀ ਥਾਂ ਪੰਜਾਬ ਨੂੰ ਦੁਖਾਂਤ 'ਚ ਪਾਉਣ ਵਾਲੀ ਕਾਂਗਰਸ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਾਉਣ ਵਾਲੀ ਇੰਦਰਾ ਗਾਂਧੀ ਅਤੇ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ ਹੱਥ ਰੰਗਣ ਵਾਲੇ ਬੇਅੰਤ ਸਿੰਘ ਦੇ ਸੋਹਲੇ ਗਾ ਰਿਹਾ ਹੈ। ਉਨ੍ਹਾਂ ਸੰਵੇਦਨਸ਼ੀਲ ਮਾਮਲਿਆਂ 'ਚ 'ਸੋਚ ਸਮਝ' ਕੇ ਬੋਲਣ ਦੀ ਨਸੀਹਤ ਵੀ ਦਿੱਤੀ ਅਤੇ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਥਾਂ ਵੜਿੰਗ ਨੂੰ ਬੀਤੇ ਤੋਂ ਸਬਕ ਸਿੱਖਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਪੰਜਾਬ ਨੂੰ ਮੁੜ ਕਾਲੇ ਦੌਰ 'ਚ ਪਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਤੁਹਾਡੇ ਕੋਲ ਰਾਜ ਸਤਾ ਹੈ ਤਾਂ ਪੰਜਾਬ ਦੀ ਆਰਥਿਕਤਾ, ਸਮਾਜਿਕ ਢਾਂਚੇ ਅਤੇ ਜੀਣ-ਥੀਣ ਦੀਆਂ ਬਿਹਤਰ ਸੰਭਾਵਨਾਵਾਂ ਲਈ ਕੰਮ ਕਰਨ ਦੀ ਲੋੜ ਹੈ। ਇੱਥੋਂ ਦੀਆਂ ਕਦਰਾਂ ਕੀਮਤਾਂ, ਨੌਜਵਾਨੀ, ਕਿਸਾਨੀ ਤੇ ਇੰਡਸਟਰੀ ਦੀ ਪ੍ਰਫੁੱਲਤਾ ਲਈ ਯੋਗਦਾਨ ਪਾਉਣ ਦੀ ਲੋੜ ਹੈ ਨਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਖ਼ਤਮ ਕਰਨ ਅਤੇ ਫੁੱਟ ਪਾਉਣ ਦੇ ਮਨਸੂਬੇ ਬਣਾਉਣ ਦੀ।