ਲੀਡਰਾਂ ਨੇ ਮੁੱਖ ਫੇਰ ਲਿਆ ਨੌਜਵਾਨਾਂ ਦੀਆਂ ਅਸਲ ਮੰਗਾਂ ਤੋਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 12 2019 18:29
Reading time: 2 mins, 41 secs

1947 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਨੇ ਭਾਰਤ 'ਤੇ ਰਾਜ ਕੀਤਾ, ਹਰ ਸਰਕਾਰ ਨੇ ਹੀ ਆਪਣੇ ਸਵਾਰਥ ਲਈ ਨੌਜਵਾਨਾਂ ਨੂੰ ਵਰਤਿਆ ਹੈ। ਨੌਜਵਾਨ ਜਿਹੜੇ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਸਾਡੇ ਲੀਡਰਾਂ ਵੱਲੋਂ ਉਨ੍ਹਾਂ ਨੂੰ ਹਥਿਆਰ ਦੇ ਤੌਰ 'ਤੇ ਵਰਤ ਕੇ ਉਨ੍ਹਾਂ ਦਾ ਭਵਿੱਖ ਖ਼ਰਾਬ ਕੀਤਾ ਜਾ ਰਿਹਾ ਹੈ। ਜਦੋਂ ਨੌਜਵਾਨ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰਦੇ ਹਨ ਤਾਂ ਲੀਡਰਾਂ ਦੇ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਛੇਤੀ ਤੁਹਾਡੀ ਮੰਗ ਨੂੰ ਪ੍ਰਵਾਨ ਕਰਕੇ ਲਾਗੂ ਕਰ ਦਿੱਤਾ ਜਾਵੇਗਾ।

ਪਰ ਹੁੰਦਾ ਕੁਝ ਵੀ ਨਹੀਂ। ਵੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਬਹੁਤ ਸਾਰੇ ਨੌਜਵਾਨ ਇਨ੍ਹਾਂ ਦਿਨਾਂ ਅੰਦਰ ਨਸ਼ੇ ਕਾਰਨ ਮਰ ਰਹੇ ਹਨ। ਨਸ਼ਿਆਂ ਕਾਰਨ ਮਰ ਰਹੇ ਨੌਜਵਾਨਾਂ 'ਤੇ ਜਿੱਥੇ ਸਰਕਾਰ ਢਿੱਲੀ ਵਿਖਾਈ ਦੇ ਰਹੀ ਹੈ, ਉੱਥੇ ਹੀ ਨਸ਼ਾ ਸਮਗਲਰਾਂ ਦੇ ਵੱਲੋਂ ਨੌਜਵਾਨਾਂ ਦੀਆਂ ਜੇਬਾਂ ਨਸ਼ਿਆਂ ਨਾਲ ਭਰ ਕੇ ਉਨ੍ਹਾਂ ਨੂੰ ਰੁਜ਼ਗਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਵੇਂ ਹੀ ਕੁਝ ਸਮਾਜ ਸੇਵੀ ਜੱਥੇਬੰਦੀਆਂ ਦੇ ਵੱਲੋਂ ਨੌਜਵਾਨਾਂ ਨੂੰ ਨਾਲ ਲੈ ਕੇ ਮੰਗਾਂ ਸਬੰਧੀ ਸਰਕਾਰਾਂ ਵਿਰੁੱਧ ਝੰਡਾ ਚੁੱਕਿਆ ਜਾ ਰਿਹਾ ਹੈ, ਪਰ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੀ ਮੰਗ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। 

ਅੱਜ ਜਿਸ ਚੀਜ਼ ਦੀ ਸਾਡੇ ਨੌਜਵਾਨਾਂ ਨੂੰ ਲੋੜ ਹੈ, ਉਹ ਤਾਂ ਉਨ੍ਹਾਂ ਨੌਜਵਾਨਾਂ ਨੂੰ ਦਿੱਤੀ ਨਹੀਂ ਜਾ ਰਹੀ। ਜਿਹੜੀ ਚੀਜ਼ ਆਮ ਹੈ, ਉਸ ਦੇ ਸੋਹਲੇ ਗਾ-ਗਾ ਕੇ ਨੌਜਵਾਨਾਂ ਨੂੰ ਨਿਕੰਮੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੈਪਟਨ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਲਾਰਾ ਲਗਾ ਕੇ ਜਿੱਥੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਬਿਜਾਏ, ਪ੍ਰਾਈਵੇਟ ਕੰਪਨੀਆਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਆਪਣੇ ਚੋਣ ਵਾਅਦਿਆਂ ਤੋਂ ਭੱਜਿਆ ਹੈ। 

ਦੋਸਤੋਂ, ਕੈਪਟਨ ਦੇ ਇਨ੍ਹਾਂ ਵਾਅਦਿਆਂ 'ਤੇ ਟਿੱਪਣੀ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਸਰਕਾਰਾਂ ਨੇ ਨੌਜਵਾਨਾਂ ਤੋਂ ਮੂੰਹ ਮੋੜ ਲਿਆ ਹੈ। ਜਿਸ ਕਾਰਨ ਸਾਡਾ ਨੌਜਵਾਨ ਅੱਜ ਨਿਰਾਸ਼ ਹੈ। ਭੁੱਲਰ ਨੇ ਦੁੱਖ ਜ਼ਾਹਿਰ ਕਰਦਿਆਂ ਹੋਇਆਂ ਆਖਿਆ ਕਿ ਅੱਜ ਸਾਡੇ ਲੀਡਰਾਂ ਨੂੰ ਸਿਰਫ਼ ਕੁਰਸੀਆਂ ਚਾਹੀਦੀਆਂ ਹਨ, ਹੋਰ ਕੁਝ ਨਹੀਂ। ਇਨ੍ਹਾਂ ਲੀਡਰਾਂ ਦੇ ਵੱਲੋਂ ਜਵਾਨੀ ਨੂੰ ਨੌਕਰੀਆਂ ਦੇਣ ਦੀ ਬਿਜਾਏ, ਉਨ੍ਹਾਂ ਨੂੰ ਨਸ਼ਿਆਂ ਵੱਲ ਧਕੇਲਿਆ ਜਾ ਰਿਹਾ ਹੈ। 

ਭੁੱਲਰ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਦਾ ਜਿੱਥੇ ਨੌਜਵਾਨ ਵਰਗ ਦੁਖੀ ਹੈ, ਉੱਥੇ ਹੀ ਵਪਾਰੀ ਵਰਗ, ਕਿਸਾਨ ਵਰਗ ਅਤੇ ਮਜ਼ਦੂਰ ਵਰਗ ਵੀ ਸਰਕਾਰਾਂ ਦੀਆਂ ਨੀਤੀਆਂ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਲੀਡਰਾਂ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲੋਂ ਵਾਅਦੇ ਤਾਂ ਕਈ ਕਰ ਦਿੱਤੇ ਜਾਂਦੇ ਹਨ, ਪਰ ਚੋਣਾਂ ਜਿੱਤਣ ਤੋਂ ਬਾਅਦ ਉਕਤ ਵਾਅਦੇ ਲੀਡਰ ਭੁੱਲ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਲੋਕਾਂ ਨੂੰ ਲੀਡਰ ਝੂਠ ਦੇ ਜਾਲ ਵਿੱਚ ਫਸਾ ਕੇ ਵੋਟਾਂ ਤਾਂ ਪਵਾ ਲੈਂਦੇ ਹਨ, ਪਰ ਉਸ ਤੋਂ ਬਾਅਦ ਕਦੇ ਵੀ ਕਿਸੇ ਲੀਡਰ ਨੇ ਲੋਕਾਂ ਦੀ ਬਾਂਹ ਨਹੀਂ ਫੜੀ। 

ਸੋ ਦੋਸਤੋਂ, ਪੰਜਾਬ ਦੇ ਬਹੁਤ ਹੀ ਘੱਟ ਅਜਿਹੇ ਲੀਡਰ ਹਨ, ਜੋ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੇ ਲਈ ਸੰਘਰਸ਼ ਕਰਦੇ ਹਨ। ਪੰਜਾਬ ਦੇ ਅੰਦਰ ਕਿਸਾਨੀ ਦੀ ਹਾਲਤ ਕਾਫੀ ਜ਼ਿਆਦਾ ਮਾੜੀ ਹੋ ਚੁੱਕੀ ਹੈ, ਪਰ ਸਰਕਾਰਾਂ ਦੇ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰਾਂ ਦੇ ਵੱਲੋਂ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਕਈ ਸਕੀਮਾਂ ਤਹਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਇਹ ਸਭ ਕੁਝ ਮਹਿਜ਼ ਡਰਾਮਾ ਹੀ ਹਨ। ਦੋਸਤੋਂ, ਅੱਜ ਲੋੜ ਹੈ ਪੜ੍ਹਿਆ, ਲਿਖਿਆ ਅਤੇ ਚੰਗਾ ਲੀਡਰ ਚੁਣਨ ਦੀ ਤਾਂ ਜੋ ਨੌਜਵਾਨਾਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।