ਮੌਤ ਦਾ ਕਾਰਨ ਬਣ ਰਹੇ ਸੜਕ ਹਾਦਸੇ, ਇੱਕ ਦੀ ਮੌਤ

Last Updated: May 08 2019 16:17
Reading time: 1 min, 6 secs

ਸੜਕ ਹਾਦਸਿਆਂ 'ਚ ਵਾਧੇ ਅਤੇ ਇਨ੍ਹਾਂ 'ਚ ਮੌਤ ਦਾ ਸ਼ਿਕਾਰ ਹੋ ਰਹੇ ਲੋਕਾਂ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਆਏ ਰੋਜ਼ ਅਜਿਹੇ ਮਾਮਲੇ ਵਾਪਰ ਰਹੇ ਹਨ ਜਿਨ੍ਹਾਂ ਨੂੰ ਵੇਖਦਿਆਂ ਜਾਪਦਾ ਹੈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਰਵਾਹ ਨਹੀਂ ਹੈ ਜਾਂ ਫਿਰ ਲੋਕਾਂ ਨੂੰ ਇਨ੍ਹਾਂ ਨਿਯਮਾਂ ਦਾ ਪੂਰਾ ਗਿਆਨ ਨਹੀਂ ਹੈ। ਇਸ ਲਈ ਸਰਕਾਰ ਅਤੇ ਟ੍ਰੈਫਿਕ ਪੁਲਿਸ ਨੂੰ ਇਸਦੇ ਲਈ ਕੋਈ ਠੋਸ ਕਦਮ ਚੁਕਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਸੜਕ ਹਾਦਸਿਆਂ 'ਚ ਕਮੀ ਲਿਆ ਕੇ ਇਨ੍ਹਾਂ ਹਾਦਸਿਆਂ 'ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਬਚਾਇਆ ਜਾ ਸਕੇ।

ਅਜਿਹਾ ਇੱਕ ਮਾਮਲੇ 'ਚ ਜ਼ਿਲ੍ਹੇ ਦੇ ਪਿੰਡ ਅਮਰਪੁਰਾ ਵਾਸੀ ਇੱਕ ਨੌਜਵਾਨ ਅੱਜ ਦੁਪਹਿਰ ਹਨੁਮਾਨਗੜ ਰੋਡ 'ਤੇ ਟ੍ਰੈਕਟਰ ਟਰਾਲੀ ਦੇ ਹੇਠਾਂ ਆਉਣ ਨਾਲ ਫੱਟੜ ਹੋ ਗਿਆ ਜਿਸਨੂੰ ਮੁਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ, ਜਿੱਥੇ ਰਸਤੇ 'ਚ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੀਬ 26 ਸਾਲਾਂ ਰਾਕੇਸ਼ ਪੁੱਤਰ ਕ੍ਰਿਸ਼ਣ ਕੁਮਾਰ ਅੱਜ ਆਪਣੇ ਟ੍ਰੈਕਟਰ ਟ੍ਰਾਲੀ ਵਿੱਚ ਅਬੋਹਰ ਦੀ ਦਾਣਾ ਮੰਡੀ ਵਿੱਚ ਕਣਕ ਲੈ ਕੇ ਆ ਰਿਹਾ ਸੀ, ਜਦ ਉਹ ਹਨੁਮਾਨਗੜ ਰੋਡ 'ਤੇ ਪਿੰਡ ਰਾਮਸਰਾ ਦੇ ਨਜ਼ਦੀਕ ਅੱਪੜਿਆ ਤਾਂ ਅਚਾਨਕ ਟ੍ਰੈਕਟਰ ਤੋਂ ਹੇਠਾਂ ਡਿੱਗ ਗਿਆ ਅਤੇ ਟ੍ਰੈਕਟਰ-ਟ੍ਰਾਲੀ ਦਾ ਟਾਇਰ ਉਸਦੇ  ਉਪਰੋਂ ਲੰਘ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੋਂ ਉਸਨੂੰ ਰੈਫਰ ਕਰ ਦਿੱਤਾ ਗਿਆ। ਉਸਦੇ ਪਰਿਵਾਰ ਵਾਲੇ ਉਸਨੂੰ ਇਲਾਜ ਲਈ ਸ਼੍ਰੀਗੰਗਾਨਗਰ ਲਿਜਾ ਰਹੇ ਸੀ ਕਿ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ।