ਜਵਾਨ ਅਤੇ ਕਿਸਾਨ ਮਰਵਾ ਕੇ ਮੋਦੀ ਲਾਸ਼ਾਂ 'ਤੇ ਰਾਜਨੀਤੀ ਕਰ ਰਿਹਾ - ਜਾਖੜ

Last Updated: May 08 2019 12:15
Reading time: 2 mins, 37 secs

ਲੋਕਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਮੁਲਕ ਦੇ ਜਵਾਨ ਅਤੇ ਕਿਸਾਨ ਮਰਵਾ ਕੇ ਘਟੀਆ ਪੱਧਰ ਦੀ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇਸ਼ ਭਗਤ ਹੋਣ ਦਾ ਪਖੰਡ ਕਰ ਰਿਹਾ ਹੈ, ਜਦੋਂਕਿ ਉਸਦੀ ਰਾਜਨੀਤੀ ਅਤੇ ਨੀਤੀਆਂ ਮੁਲਕ ਨੂੰ ਤੋੜਨ ਅਤੇ ਕਮਜ਼ੋਰ ਕਰਨ ਵਾਲੀਆਂ ਹਨ। ਬੀਤੀ ਦੇਰ ਸ਼ਾਮ ਫਤਿਹਗੜ ਚੂੜੀਆਂ ਵਿਖੇ ਇੱਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਗਰੀਬਾਂ ਦੇ ਹਮਦਰਦ ਹੋਣ ਦਾ ਢੌਂਗ ਰਚ ਰਿਹਾ ਹੈ ਜਦੋਂਕਿ ਸਚਾਈ ਇਹ ਹੈ ਕਿ ਉਸ ਨੇ ਅੱਜ ਤੱਕ ਗਰੀਬਾਂ ਨੂੰ ਦਵਾਨੀ ਤੱਕ ਨਹੀਂ ਦਿੱਤੀ, ਜਦਕਿ ਗਰੀਬ ਲੋਕਾਂ ਦੇ ਬੈਂਕਾਂ ਵਿੱਚ ਜਨ ਧੰਨ ਯੋਜਨਾ ਦੇ ਨਾਂਅ ਹੇਠ ਖਾਤੇ ਖੁੱਲਵਾ ਕੇ ਉਨਾਂ ਨੂੰ ਲੁੱਟਿਆ ਹੈ। ਜਾਖੜ ਨੇ ਕਿਹਾ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ, ਬਲਕਿ ਅੰਬਾਨੀਆਂ ਦੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨਾਲ ਅਰਬਾਂ ਦੇ ਕਾਰੋਬਾਰ ਵਿੱਚ ਮੋਦੀ ਦੀ ਵੱਡੀ ਸਾਂਝ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਦੇ ਲੋਕ ਮੋਦੀ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਸਮੁੱਚਾ ਦੇਸ਼ ਮੋਦੀ ਨੂੰ ਚੱਲਦਾ ਕਰਨ ਲਈ ਪੱਬਾਂ ਭਾਰ ਹੈ। 

ਸ੍ਰੀ ਸੁਨੀਲ ਜਾਖੜ ਨੇ ਨਰਿੰਦਰ ਮੋਦੀ ਉੱਤੇ ਸਿਰੇ ਦਾ ਫਿਰਕਾਪ੍ਰਸਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਮੁਲਕ ਵਿੱਚ ਵਸਦੀਆਂ ਘੱਟ ਗਿਣਤੀ ਕੌਮਾਂ ਦੇ ਵਜ਼ੂਦ ਨੂੰ ਮਲੀਆਮੇਟ ਕਰਕੇ ਇਸ ਬਹੁ-ਕੌਮੀ ਦੇਸ਼ ਨੂੰ ਇੱਕੋ ਧਰਮ, ਬੋਲੀ ਅਤੇ ਸੱਭਿਆਚਾਰ ਦੇ ਰੰਗ ਵਿੱਚ ਰੰਗਣਾ ਚਾਹੁੰਦਾ ਹੈ। ਉਨਾਂ ਕਿਹਾ ਕਿ ਮੋਦੀ ਨੇ ਰਾਮ ਅਤੇ ਬਾਦਲਾਂ ਨੇ ਪੰਥ ਦੇ ਨਾਂ 'ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਅ ਕੇ ਆਪਣੇ ਸੌੜੇ ਰਾਜਨੀਤਿਕ ਹਿੱਤ ਪਾਲੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਪੰਜਾਬ ਵਿੱਚ ਕਰਵਾਈਆਂ ਗਈਆਂ ਬੇਅਦਬੀਆਂ ਨਾਲ ਹਰੇਕ ਸਿੱਖ ਦੇ ਹਿਰਦੇ ਵਲੂੰਦਰੇ ਗਏ ਹਨ, ਜਿਸ ਨੂੰ ਲੈ ਕੇ ਅੱਜ ਵੀ ਸਮੁੱਚੀ ਸਿੱਖ ਸੰਗਤ ਵਿੱਚ ਰੋਸ ਹੈ। 

ਸ੍ਰੀ ਜਾਖੜ ਨੇ ਸੰਨੀ ਦਿਓਲ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਸੰਨੀ ਦਿਓਲ ਨੂੰ ਪੰਜਾਬ ਅਤੇ ਗੁਰਦਾਸਪੁਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਗੁਰਦਾਸਪੁਰ ਦੇ ਲੋਕ ਚੰਮ ਨਹੀਂ, ਬਲਕਿ ਕੰਮਾਂ ਨੂੰ ਦੇਖ ਕੇ ਵੋਟਾਂ ਪਾਉਣਗੇ। ਉਨਾਂ ਕਿਹਾ ਕਿ ਬੀਕਾਨੇਰ ਤੋਂ ਚੋਣ ਜਿੱਤ ਕੇ ਇੱਕ ਵਾਰ ਵੀ ਲੋਕ ਸਭਾ ਦੀਆਂ ਪੌੜੀਆਂ ਨਾ ਚੜਣ ਵਾਲੇ ਆਪਣੇ ਬਾਪ ਧਰਮਿੰਦਰ ਵਾਂਗ ਹੀ ਸਨੀ ਦਿਓਲ ਵੀ ਲੋਕ ਸਭਾ ਵਿੱਚ ਨਹੀਂ ਜਾਵੇਗਾ ਕਿਉਂਕਿ ਉਹ ਕਿਸ਼ੇ ਭਾਸ਼ਾ ਵਿੱਚ ਵੀ ਦੋ ਸ਼ਬਦ ਠੀਕ ਨਹੀਂ ਬੋਲ ਸਕਦਾ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ.ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੋਦੀ ਦੇ ਮੁੜਕੇ ਆਉਣ ਨਾਲ ਮੁਲਕ ਦਾ ਹਾਲ ਅੱਗੇ ਨਾਲੋਂ ਵੀ ਮਾੜਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਲੋਕਾਂ ਸਾਹਮਣੇ ਨਹੀਂ ਬੋਲ ਸਕਦਾ, ਉਹ ਲੋਕਾਂ ਦੀ ਗੱਲ ਪਾਰਲੀਮੈਂਟ ਵਿੱਚ ਕਿਵੇਂ ਰੱਖੇਗਾ। ਉਨਾਂ ਕਿਹਾ ਕਿ ਪੰਜ ਸਾਲਾਂ 'ਚ ਮੁਲਕ ਮਹਿੰਗਾਈ ਦੀ ਮਾਰ ਹੇਠ ਆਇਆ ਹੈ, ਇਸ ਲਈ ਮੋਦੀ ਨੂੰ ਦੇਸ਼ ਵਿੱਚੋਂ ਚੱਲਦਾ ਕਰਨਾ ਜਰੂਰੀ ਹੈ। ਉਨਾਂ ਕਿਹਾ ਕਿ ਮੋਦੀ ਨੇ ਦੇਸ਼ ਦੇ 40 ਜਵਾਨ ਮਰਵਾ ਉਨਾਂ ਦੀਆਂ ਲਾਸ਼ਾਂ ਉਪਰ ਰੱਜਕੇ ਰਾਜਨੀਤੀ ਕੀਤੀ ਹੈ ਅਤੇ ਲਾਸ਼ਾਂ ਨੂੰ ਦਿੱਲੀ ਵਿਖੇ ਮੰਗਵਾ ਕੇ ਆਪਣੇ ਘਟੀਆ ਪ੍ਰਧਾਨ ਮੰਤਰੀ ਹੋਣ ਦਾ ਸਬੂਤ ਦਿੱਤਾ ਹੈ। ਸ੍ਰੀ ਬਾਜਵਾ ਨੇ ਫਤਿਹਗੜ ਚੂੜੀਆਂ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨਾਂ ਦੱਸਿਆ ਕਿ ਅੰਮਿ੍ਰਤਸਰ-ਫਤਿਹਗੜ੍ਹ ਚੂੀਆਂ-ਡੇਰਾ ਬਾਬਾ ਨਾਨਕ ਵਾਇਆ ਸੰਗਤਪੁਰਾ ਸੜਕ ਨੂੰ ਚਾਰ ਮਾਰਗੀ ਕਰਨ ਦਾ ਪ੍ਰੋਜੈਕਟ ਪ੍ਰਵਾਨ ਹੋ ਚੁੱਕਾ ਹੈ ਅਤੇ ਚੋਣਾਂ ਤੋਂ ਬਾਅਦ ਇਸ ਉੱਪਰ ਤੁਰੰਤ ਕੰਮ ਸ਼ੁਰੂ ਹੋ ਜਾਵੇਗਾ। ਇਸਦੇ ਨਾਲ ਹੀ ਸ਼ਹਿਰ ਵਿੱਚੋਂ ਕੂੜਾ ਡੰਪ ਨੂੰ ਬਾਹਰ ਲਿਜਾ ਕੇ ਉਥੇ ਅਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾਣਾ ਹੈ।