ਬਦਲਦੇ ਮੌਸਮ ਨੂੰ ਦੇਖਦਿਆਂ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਸਿਹਤ ਵਿਭਾਗ ਵਲੋਂ ਕੀਤਾ ਜਾ ਰਿਹੈ ਸੁਚੇਤ

Last Updated: May 07 2019 14:04
Reading time: 1 min, 36 secs

ਬਦਲਦੇ ਮੌਸਮ ਨੂੰ ਦੇਖਦਿਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਅਗੇਤੀ ਤੌਰ ਤੇ ਸਿਹਤ ਪ੍ਰਤੀ ਸੁਚੇਤ ਕਰਨ ਦੇ ਮੰਤਵ ਨੂੰ ਲੈ ਕੇ ਸੀਐੱਚਸੀ ਮਮਦੋਟ ਅਧੀਨ ਵੱਖ ਵੱਖ ਪਿੰਡਾਂ ਵਿੱਚ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸਐੱਮਓ ਮਮਦੋਟ ਡਾ. ਰਜਿੰਦਰ ਮਨਚੰਦਾ ਦੀ ਅਗਵਾਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਸਬ ਸੈਂਟਰ ਸਾਹਨ ਕੇ ਵਿਖੇ ਮਲੇਰੀਆ, ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅਤੇ ਨਸ਼ੇ ਦੇ ਖ਼ਾਤਮੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਅੰਕੁਸ਼ ਭੰਡਾਰੀ ਬੀਈਈ ਨੇ ਦੱਸਿਆ ਕਿ ਮਲੇਰੀਏ ਦੇ ਪੂਰਨ ਖ਼ਾਤਮੇ ਲਈ ਆਮ ਲੋਕਾਂ ਦੀ ਹਿੱਸੇਦਾਰੀ ਦੀ ਅਹਿਮ ਜ਼ਰੂਰਤ ਹੈ ਤਾਂ ਜੋ ਅੰਤ ਦੇ ਕਿਨਾਰੇ ਖੜ੍ਹੀ ਇਸ ਬਿਮਾਰੀ ਨੂੰ ਜੜੋ ਪੁੱਟਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਮਲੇਰੀਆ ਬੁਖ਼ਾਰ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦੇ ਹਨ ਜੋ ਕਿ ਦਿਨ ਅਤੇ ਰਾਤ ਵੇਲੇ ਕੱਟਦੇ ਹਨ। ਅੰਕੁਸ਼ ਭੰਡਾਰੀ ਬੀਈਈ ਅਤੇ ਮਹਿੰਦਰ ਪਾਲ ਐੱਮਪੀਐੱਚਡਬਲਯੂ ਮੇਲ ਨੇ ਦੱਸਿਆ ਕਿ ਬੁਖ਼ਾਰ ਦੀ ਸਥਿਤੀ ਵਿੱਚ ਤੁਰੰਤ ਸਰਕਾਰੀ ਸਿਹਤ ਕੇਂਦਰ ਵਿੱਚ ਸੰਪਰਕ ਕੀਤਾ ਜਾਵੇ ਅਤੇ ਜ਼ਰੂਰਤ ਪੈਣ 'ਤੇ ਤੁਰੰਤ ਖ਼ੂਨ ਦੇ ਟੈੱਸਟ ਕਰਵਾਏ ਜਾਣ ਤਾਂ ਜੋ ਮਲੇਰੀਏ ਨੂੰ ਪਨਪਣ ਤੋਂ ਪਹਿਲਾਂ ਹੀ ਦਬੋਚਿਆ ਜਾ ਸਕੇ। ਮਲੇਰੀਆ ਬੁਖ਼ਾਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ ਆਦਿ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾਵੇ। 

ਡੇਂਗੂ ਦਾ ਬੁਖ਼ਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਸਾਫ਼ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਡੇਂਗੂ ਮੱਛਰ ਦੇ ਕੱਟਣ ਨਾਲ ਹੋਣ ਵਾਲੇ ਬੁਖ਼ਾਰ ਦੇ ਲੱਛਣਾਂ ਦੀ ਗੱਲ ਕਰਦਿਆਂ ਮਹਿੰਦਰ ਐੱਮਪੀਐੱਚਡੀ (ਮੇਲ) ਨੇ ਸਪਸ਼ਟ ਕੀਤਾ ਕਿ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ ਜਾਂ ਥਕਾਵਟ ਆਦਿ ਹੋਣ ਦੀ ਸੂਰਤ ਵਿੱਚ ਤੁਰੰਤ ਮਾਹਿਰ ਡਾਕਟਰ ਕੋਲ ਚੈੱਕਅਪ ਕਰਵਾਇਆ ਜਾਵੇ ਤਾਂ ਇਸ ਬਿਮਾਰੀ ਨੂੰ ਪਨਪਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਵੇ। ਇਸ ਮੌਕੇ ਮੈਡਮ ਲਖਵੀਰ, ਪਰਮਜੀਤ ਸਿੰਘ ਮੇਲ ਵਰਕਰ ਹਾਜ਼ਰ ਸਨ।