ਸੜਕ ਪਾਰ ਕਰ ਰਹੀ ਮਹਿਲਾ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ, ਮੌਤ

Last Updated: May 06 2019 17:48
Reading time: 1 min, 33 secs

ਕਿਸੇ ਕੰਮ ਸਬੰਧੀ ਬਾਜ਼ਾਰ ਨੂੰ ਗਈ ਮਹਿਲਾ ਦੀ ਸਮਰਾਲਾ ਚੌਂਕ ਕੋਲ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਦੀ ਪਹਿਚਾਣ ਅਨੁ ਧਵਨ (50) ਵਾਸੀ ਆਦਰਸ਼ ਨਗਰ, ਲੁਧਿਆਣਾ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ਦੇ ਉਪਰੰਤ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ 'ਚ ਪਹੁੰਚਾਇਆ।  

ਮਿਲੀ ਜਾਣਕਾਰੀ ਦੇ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਅਨੁ ਧਵਨ ਕੋਈ ਸਮਾਨ ਖ਼ਰੀਦਣ ਸਬੰਧੀ ਬਾਜ਼ਾਰ ਵੱਲ ਗਈ ਸੀ। ਜਦੋਂ ਉਹ ਸਮਰਾਲਾ ਚੌਂਕ ਨਜ਼ਦੀਕ ਸੜਕ ਪਾਰ ਕਰ ਰਹੀ ਸੀ ਤਾਂ ਇਸੇ ਦੌਰਾਨ ਦੂਸਰੀ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਦੇ ਡਰਾਈਵਰ ਨੇ ਲਾਪਰਵਾਹੀ ਦੇ ਨਾਲ ਵਾਹਨ ਚਲਾਉਂਦੇ ਹੋਏ ਮਹਿਲਾ ਨੂੰ ਕੁਚਲ ਦਿੱਤਾ। ਹਾਦਸੇ ਬਾਅਦ ਕਾਰ ਡਰਾਈਵਰ ਮੌਕੇ ਤੇ ਰੁਕਣ ਦੀ ਬਜਾਏ ਵਾਹਨ ਲੈ ਕੇ ਫ਼ਰਾਰ ਹੋ ਗਿਆ।

ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋਈ ਮਹਿਲਾ ਨੂੰ ਰਾਹਗੀਰਾਂ ਨੇ ਸੰਭਾਲਦੇ ਹੋਏ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਮਹਿਲਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਹਾਦਸੇ ਸਬੰਧੀ ਰਾਹਗੀਰਾਂ ਤੋਂ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ। ਬਾਅਦ 'ਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ।

ਦੂਜੇ ਪਾਸੇ, ਹਾਦਸੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਦਾ ਕਹਿਣਾ ਹੈ ਕਿ ਕਾਰ ਦੀ ਟੱਕਰ ਲੱਗਣ ਕਾਰਨ ਮਾਰੀ ਗਈ ਮਹਿਲਾ ਦੇ ਲੜਕੇ ਸੰਜੇ ਧਵਨ ਨੇ ਬਿਆਨ ਦਿੱਤਾ ਹੈ ਕਿ ਉਸ ਦੀ ਮਾਂ ਕਿਸੇ ਕੰਮ ਸਬੰਧੀ ਬਾਜ਼ਾਰ ਵੱਲ ਗਈ ਸੀ ਕਿ ਸੜਕ ਪਾਰ ਕਰਦੇ ਹੋਏ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਸਬੰਧੀ ਸੰਜੇ ਧਵਨ ਦੇ ਬਿਆਨ ਦਰਜ ਕਰਕੇ ਪੁਲਿਸ ਨੇ ਕਾਰ ਡਰਾਈਵਰ ਬਲਵੰਤ ਸਿੰਘ ਵਾਸੀ ਗੁਰੂ ਵਿਹਾਰ (ਲੁਧਿਆਣਾ) ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਬਾਅਦ 'ਚ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।