ਸੜਕ ਹਾਦਸੇ 'ਚ ਨੌਜਵਾਨ ਦੀ ਮੌਤ!!

Last Updated: May 04 2019 16:00
Reading time: 0 mins, 47 secs

ਨਵੇਂ ਬਣੇ ਕੋਰਟ ਕੰਪਲੈਕਸ ਜ਼ੀਰਾ ਦੇ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਅਵਤਾਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਜੰਟ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੀਤੀ ਦੇਰ ਸ਼ਾਮ ਬਜ਼ਾਰੋਂ ਕੁਝ ਸਮਾਨ ਲੈਣ ਵਾਸਤੇ ਗਿਆ ਸੀ। ਜਦੋਂ ਗੁਰਜੰਟ ਜ਼ੀਰਾ-ਅੰਮ੍ਰਿਤਸਰ ਰੋਡ 'ਤੇ ਸਥਿਤ ਨਵੇਂ ਕੋਰਟ ਕੰਪਲੈਕਸ ਦੇ ਨੇੜੇ ਪਹੁੰਚਿਆ ਤਾਂ ਇਸ ਦੌਰਾਨ ਇੱਕ ਕਾਰ ਨੇ ਗੁਰਜੰਟ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਗੁਰਜੰਟ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਕੇ ਦੇ ਲੋਕਾਂ ਵੱਲੋਂ ਪਹਿਲੋਂ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਹੋਇਆ ਗੁਰਜੰਟ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਫਰੀਦਕੋਟ ਵਿਖੇ ਦੌਰਾਨੇ ਇਲਾਜ ਗੁਰਜੰਟ ਸਿੰਘ ਪ੍ਰਾਣ ਤਿਆਗ ਗਿਆ। ਦੂਜੇ ਪਾਸੇ ਸਬੰਧਤ ਥਾਣੇ ਦੀ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।