ਤੰਬਾਕੂ ਬਣਦਾ ਹੈ ਕਈ ਜਾਨਲੇਵਾ ਬਿਮਾਰੀਆਂ ਦਾ ਕਾਰਨ - ਡਾ. ਭੱਲਾ

Last Updated: May 04 2019 15:09
Reading time: 0 mins, 53 secs

ਸਿਹਤ ਵਿਭਾਗ ਵੱਲੋਂ ਤੰਬਾਕੂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਡਾ. ਪੁਨੀਤ ਪ੍ਰਾਸ਼ਰ, ਡਾ. ਅਰਵਿੰਦ ਮਹਾਜਨ, ਡਾ. ਪ੍ਰਿਆ ਗੀਤ, ਡਾ. ਮਨਦੀਪ ਕੌਰ ਨੇ ਆਏ ਲੋਕਾਂ ਨੂੰ ਤੰਬਾਕੂ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰ ਵਿੱਚ ਦੱਸਿਆ। ਐੱਸ.ਐੱਮ.ਓ. ਡਾ. ਭੱਲਾ ਨੇ ਦੱਸਿਆ ਕਿ ਤੰਬਾਕੂ ਬਹੁਤ ਸਾਰੀਆਂ ਬਿਮਾਰੀਆਂ ਦਾ ਕਰਨ ਬਣਦਾ ਹੈ ਜਿਨ੍ਹਾਂ ਵਿੱਚ ਨੱਕ, ਕੰਨ, ਗਲਾ, ਫੇਫੜੇ ਅਤੇ ਮਸਾਨੇ ਪ੍ਰਭਾਵਿਤ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਗਰਭ ਉੱਤੇ ਬਹੁਤ ਬੁਰਾ ਪ੍ਰਭਾਵ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਦੀ ਆਦਤ ਨੂੰ ਛੱਡ ਕੇ ਤੰਦਰੁਸਤ ਜੀਵਨ ਬਸਰ ਕਰਨ। ਉਨ੍ਹਾਂ ਕਿਹਾ ਕਿ ਤੰਬਾਕੂ ਛੱਡਣ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਤੰਬਾਕੂ ਰੋਕੂ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਮਰੀਜ਼ਾਂ ਦੇ ਨੱਕ, ਕੰਨ, ਗਲੇ ਤੇ ਛਾਤੀ ਦੇ ਰੋਗਾਂ ਦਾ ਨਿਰੀਖਣ ਕੀਤਾ ਗਿਆ, ਇਸ ਵਿੱਚ ਵੀਡੀਓਸਕੋਪੀ ਅਤੇ ਐਂਡੋਸਕੋਪੀ ਕੀਤੀਆਂ ਗਈਆਂ ਅਤੇ ਲੋੜੀਂਦੇ ਮਰੀਜ਼ਾਂ ਦੇ ਟੈਸਟ ਵੀ ਕੀਤੇ ਗਏ।