ਸਕੂਲਾਂ 'ਚ ਜਾਂਚ ਦੇ ਨਾਮ 'ਤੇ ਤੰਗ ਕਰਨਾ ਬੰਦ ਕੀਤਾ ਜਾਵੇ - ਰਾਸਾ

Last Updated: May 04 2019 13:47
Reading time: 2 mins, 0 secs

ਰੇਕੋਗਨਾਈਜਡ ਐਂਡ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਵੱਲੋਂ ਬੀਤੇ ਦਿਨੀਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਅਬੋਹਰ ਹਲਕਾ ਇੰਚਾਰਜ ਸੰਦੀਪ ਜਾਖੜ ਨੂੰ ਉਨ੍ਹਾਂ ਦੇ ਨਿਵਾਸ 'ਤੇ ਸੌਂਪਿਆ ਅਤੇ ਮੰਗ ਕੀਤੀ ਕਿ ਉਨ੍ਹਾਂ ਦੇ ਸਕੂਲਾਂ ਨੂੰ ਕੁਛ ਸਿਆਸੀ ਲੋਕ ਅਤੇ ਸਰਕਾਰੀ ਅਧਿਕਾਰੀ ਆਪਣੀ ਕੁਰਸੀ ਦਾ ਗ਼ਲਤ ਇਸਤੇਮਾਲ ਕਰਦਿਆਂ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਜੋ ਬੰਦ ਹੋਣਾ ਚਾਹੀਦਾ ਹੈ।

ਰਾਸਾ ਦੇ ਰਾਜਸੀ ਮੀਤ ਪ੍ਰਧਾਨ ਸ਼ਾਮ ਲਾਲ ਅਰੋੜਾ ਅਤੇ ਜ਼ਿਲ੍ਹਾ ਪ੍ਰਧਾਨ ਸੁਨੀਤ ਕਾਲੜਾ ਦੀ ਅਗਵਾਈ ਹੇਠ ਸੰਦੀਪ ਜਾਖੜ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਰਾਸਾ ਦੇ ਅਧੀਨ ਆਉਣ ਵਾਲੇ ਸਾਰੇ ਸਕੂਲਾਂ ਦਾ ਪੰਜਾਬ ਦੀ ਸਿੱਖਿਆ ਨੂੰ ਬਿਹਤਰ ਕਰਨ ਵਿੱਚ ਅਹਿਮ ਰੋਲ ਹੈ ਅਤੇ ਉਕਤ ਸਾਰੇ ਸਕੂਲ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਅਧੀਨ ਚਲਾਏ ਜਾ ਰਹੇ ਹਨ। ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਸਮਾਜ ਵਿੱਚ ਫੈਲੀ ਕੁਰੀਤੀਆਂ ਸਬੰਧੀ ਵੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਵਚਨਬੱਧ ਹਨ, ਪਰ ਇਸ ਦੇ ਬਾਵਜੂਦ ਕੁੱਝ ਰਾਜਨੀਤਕ ਆਗੂ ਆਪਣੀ ਘਟੀਆ ਰਾਜਨੀਤਕ ਚਮਕਾਉਣ ਅਤੇ ਕੁੱਝ ਸਰਕਾਰੀ ਅਧਿਕਾਰੀ ਆਪਣੀ ਧੌਂਸ ਜਮਾਉਣ ਲਈ ਰਾਸਾ ਦੇ ਸਕੂਲ ਸੰਚਾਲਕਾਂ ਨੂੰ ਤੰਗ ਕਰਨ ਦੀ ਹਰਕਤ ਕਰਦੇ ਹੋਏ ਪੰਜਾਬ ਦੀ ਸਿੱਖਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਰਾਸਰ ਗ਼ਲਤ ਹੈ।

ਰਾਸਾ ਦੇ ਰਾਜਸੀ ਮੀਤ ਪ੍ਰਧਾਨ ਸ਼ਾਮ ਲਾਲ ਅਰੋੜਾ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀ ਜਾਖੜ ਨੂੰ ਭਰੋਸਾ ਦਿੱਤਾ ਕਿ ਰਾਸਾ ਦੇ ਸਕੂਲ ਪੰਜਾਬ ਸਰਕਾਰ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦਾ ਪਾਲਣ ਕਰਨਗੇ। ਸ਼ਾਮ ਲਾਲ ਅਰੋੜਾ ਅਤੇ ਸੁਨੀਤ ਕਾਲੜਾ ਨੇ ਦੱਸਿਆ ਕਿ ਰਾਸਾ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੇ ਬਾਵਜੂਦ ਕੁੱਝ ਹੁਕਮ ਇਸ ਤਰ੍ਹਾਂ ਦੇ ਜਾਰੀ ਕੀਤੇ ਗਏ ਹਨ ਜੋ ਕਿ ਨਾ ਸਿਰਫ਼ ਗ਼ੈਰਜ਼ਰੂਰੀ ਹਨ ਸਗੋਂ ਸਕੂਲਾਂ ਦੀ ਤਰੱਕੀ ਵਿੱਚ ਰੋੜਾ ਅਟਕਾਉਣ ਅਤੇ ਬਿਨ੍ਹਾਂ ਕਾਰਨ ਤੰਗ ਕਰਨ ਵਾਲੇ ਹਨ, ਜਿਨ੍ਹਾਂ ਦਾ ਰਾਸਾ ਪੁਰਜ਼ੋਰ ਵਿਰੋਧ ਕਰਦੀ ਹੈ। ਸਰਕਾਰ ਵੱਲੋਂ ਸਕੂਲਾਂ ਨੂੰ ਵਪਾਰਕ ਅਦਾਰਾ ਘੋਸ਼ਿਤ ਕਰਨ ਵਾਲੇ ਹੁਕਮ ਨੂੰ ਰੱਦ ਕੀਤਾ ਜਾਵੇ, ਸਕੂਲਾਂ 'ਚ ਜਾਂਚ ਦੇ ਨਾਮ 'ਤੇ ਉਨ੍ਹਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ, ਵਾਰ-ਵਾਰ ਪਿਛਲੇ ਸਾਲਾਂ ਦਾ ਆਰਥਿਕ ਰਿਕਾਰਡ ਮੰਗ ਕੇ ਸਕੂਲ ਸੰਚਾਲਕਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ, ਬਿਲਡਿੰਗ ਸੇਫ਼ਟੀ, ਫਾਇਰ ਸੇਫ਼ਟੀ, ਸੈਨੀਟੇਸ਼ਨ ਸਰਟੀਫਿਕੇਟ ਕੇਵਲ ਪ੍ਰਾਈਵੇਟ ਸਕੂਲਾਂ ਨੂੰ ਥੌਪ ਕੇ ਮਤਰੇਈ ਮਾਂ ਵਰਗਾ ਵਿਵਹਾਰ ਨਾ ਕੀਤਾ ਜਾਵੇ। ਇਸ ਮੰਗ ਪੱਤਰ ਦੇ ਜਰੀਏ ਰਾਸਾ ਨੇ ਸਿੱਖਿਆ ਸਕੱਤਰ ਨੂੰ ਡਿਕਟੇਟਰ ਦੱਸਦੇ ਹੋਏ ਉਨ੍ਹਾਂ ਦਾ ਤਬਾਦਲਾ ਕਰਕੇ ਅਜਿਹੇ ਕਿਸੇ ਵਿਅਕਤੀ ਨੂੰ ਤਾਇਨਾਤ ਕੀਤਾ ਜਾਵੇ, ਜੋ ਔਰਤ ਅਤੇ ਸਕੂਲ ਸੰਚਾਲਕਾਂ ਦੀ ਇੱਜ਼ਤ ਕਰਨਾ ਜਾਣਦਾ ਹੋਵੇ। ਸ਼੍ਰੀ ਸੰਦੀਪ ਜਾਖੜ ਨੇ ਉਨ੍ਹਾਂ ਦੀ ਮੰਗਾਂ ਨੂੰ ਧਿਆਨ ਲਾਲ ਸੁਣੇ ਹੋਏ ਉਨ੍ਹਾਂ ਦੀ ਇਹ ਮੰਗ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।