ਮਲੇਰੀਆ ਅਤੇ ਡੇਂਗੂ ਪ੍ਰਤੀ ਕੀਤਾ ਜਾਵੇਗਾ ਜਾਗਰੂਕ

Last Updated: May 04 2019 12:47
Reading time: 0 mins, 59 secs

ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਸਕੂਲ, ਕਾਲਜਾਂ ਅਤੇ ਸਿੱਖਿਅਕ ਸੰਸਥਾਵਾਂ ਵਿੱਚ ਮਲੇਰੀਆ ਅਤੇ ਡੇਂਗੂ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਵੱਲੋਂ ਇਹ ਜਾਗਰੂਕਤਾ ਹਰ ਘਰ ਤੱਕ ਪਹੁੰਚ ਸਕੇ। ਇਸ ਸਬੰਧ ਵਿੱਚ ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿੱਚ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਮਲੇਰੀਆ ਐਨਾਫਿਲੀਜ ਨਾਮ ਦੀ ਇੱਕ ਮਾਦਾ ਮੱਛਰ ਤੋਂ ਫੈਲਦਾ ਹੈ, ਜੋ ਗੰਦੇ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦੀ ਹੈ ਅਤੇ ਆਂਡੇ ਦਿੰਦੀ ਹੈ। ਇਸਦੇ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਾ ਹੋਣ ਦਿਓ ਅਤੇ ਪਾਣੀ ਦੀਆਂ ਟੰਕੀਆਂ ਨੂੰ ਵੀ ਢੱਕ ਕੇ ਰੱਖੋ। ਇਹ ਮੱਛਰ ਤੜਕੇ ਅਤੇ ਰਾਤ ਦੇ ਸਮੇਂ ਵੱਡਦਾ ਹੈ, ਇਸਦੇ ਲਈ ਪੂਰੀ ਬਾਜੂ ਦੇ ਕੱਪੜੇ ਪਾਓ। ਉਨ੍ਹਾਂ ਕਿਹਾ ਕਿ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕੀਤੀ ਜਾਵੇ। ਜੇਕਰ ਕੰਬਨੀ ਨਾਲ ਬੁਖਾਰ, ਸਿਰ ਦਰਦ, ਠੰਡ ਲੱਗਣਾ, ਬੁਖਾਰ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਮਲੇਰੀਆ ਹੋਣ 'ਤੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ 'ਤੇ ਉਨ੍ਹਾਂ ਨਾਲ ਡਿਪਟੀ ਮੀਡੀਆ ਅਫਸਰ ਸੁਖਵਿੰਦਰ ਕੌਰ, ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ, ਹਰਿੰਦਰ ਜੱਸਲ, ਅਸ਼ੋਕ ਭਾਟੀਆ, ਲਾਲਚੰਦ, ਹਰਪ੍ਰੀਤ ਕੌਰ, ਇੰਦਰਜੀਤ, ਸੰਗੀਤਾ ਅਤੇ ਸਕੂਲ ਸਟਾਫ ਮੌਜੂਦ ਸੀ।