ਸਿਹਤ ਵਿਭਾਗ ਵੱਲੋਂ ਟਰੇਨਿੰਗ ਪੂਰੀ ਕਰਨ ਵਾਲੇ 'ਫੂਡ ਬਿਜ਼ਨਸ ਅਪ੍ਰੇਟਰਾਂ' ਨੂੰ ਪ੍ਰਮਾਣ-ਪੱਤਰ ਦਿੱਤੇ ਗਏ

Last Updated: May 03 2019 18:59
Reading time: 1 min, 15 secs

ਪੰਜਾਬ ਸਰਕਾਰ ਦੇ "ਮਿਸ਼ਨ ਤੰਦਰੁਸਤ ਪੰਜਾਬ" ਦੇ ਅੰਤਰਗਤ "ਚੰਗੀ ਸਿਹਤ-ਚੰਗੀ ਸੋਚ" ਦੇ ਮੰਤਵ ਨੂੰ ਸਾਹਮਣੇ ਰੱਖ ਕੇ ਸਿਹਤ ਵਿਭਾਗ ਪੰਜਾਬ ਦੀ ਅਗਵਾਈ ਹੇਠ ਚੱਲ ਰਹੀ ਵਿਸ਼ੇਸ਼ ਸਿਖਲਾਈ ਮੁਹਿੰਮ ਦੇ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਲੋੜੀਂਦੀ ਸਿਖਲਾਈ ਪੂਰੀ ਕਰਨ ਵਾਲੇ 76 "ਫੂਡ ਬਿਜ਼ਨਸ ਅਪ੍ਰੇਟਰਜ਼" ਨੂੰ ਡੀ.ਐੱਚ.ਓ. ਡਾ. ਅਮਨਦੀਪ ਸਿੰਘ ਵੱਲੋਂ ਪ੍ਰਮਾਣ-ਪੱਤਰ ਜ਼ਾਰੀ ਕੀਤੇ ਗਏ। ਜਿਕਰਯੋਗ ਹੈ ਕਿ ਇਸ ਮੁਹਿੰਮ ਦੇ ਤਹਿਤ ਸੂਬੇ ਵਿੱਚ ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਪੰਜਾਬ ਦੀ ਦੇਖ-ਰੇਖ ਹੇਠ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਖਾਣ-ਪੀਣ ਦੀਆਂ ਵਸਤਾਂ ਦੇ ਉਤਪਾਦਨ, ਉਨ੍ਹਾਂ ਦੇ ਰੱਖ-ਰਖਾਵ ਅਤੇ ਉਨ੍ਹਾਂ ਨੂੰ ਵੇਚਣ ਦੇ ਸੁਚੱਜੇ ਢੰਗ-ਤਰੀਕਿਆਂ ਤੋਂ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਵਿਸ਼ੇਸ਼ ਸਿਖਲਾਈ ਮੁਹਿੰਮ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਡੀ.ਐੱਚ.ਓ. ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ, ਜਿਸ ਦੇ ਤਹਿਤ ਰੋਜ਼ਾਨਾ 70 ਤੋਂ 80 ਲੋਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਮੁੱਚੇ ਜਿਲ੍ਹੇ ਵਿੱਚ 1300 ਦੇ ਕਰੀਬ "ਫੂਡ ਬਿਜ਼ਨਸ ਅਪ੍ਰੇਟਰਜ਼" ਨੂੰ ਸਫਲਤਾ-ਪੂਰਵਕ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਓਨੀ ਦੇਰ ਨਿਰੰਤਰ ਚੱਲਦੀ ਰਹੇਗੀ, ਜਿੰਨ੍ਹੀ ਦੇਰ ਤੱਕ ਸੂਬੇ ਦੇ ਸਾਰੇ 'ਫੂਡ ਬਿਜ਼ਨਸ ਅਪ੍ਰੇਟਰਜ਼' ਨੂੰ ਲੋੜੀਂਦੀ ਸਿਖਲਾਈ ਮੁਕੰਮਲ ਨਹੀਂ ਹੋ ਜਾਂਦੀ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਲੈਣ ਵਾਲੇ ਹਰੇਕ 'ਫੂਡ ਬਿਜ਼ਨਸ ਅਪ੍ਰੇਟਰ' ਨੂੰ ਸਿਹਤ ਵਿਭਾਗ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਹਰੇਕ ਦੁਕਾਨਦਾਰ ਲਈ ਲਾਜ਼ਮੀ ਹੋਵੇਗੀ, ਅਤੇ ਜਿਹੜਾ ਵੀ ਦੁਕਾਨਦਾਰ ਇਹ ਸਿਖਲਾਈ ਨਹੀਂ ਲਵੇਗਾ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।