ਡੋਰ-ਟੂ-ਡੋਰ ਜਾ ਕੇ ਸਿਹਤ ਅਧਿਕਾਰੀਆਂ ਨੇ ਘਰਾਂ 'ਚ ਲੱਭੇ ਮੱਛਰਾਂ ਦੇ ਲਾਰਵੇ, ਕੀਤੀ ਸਪਰੇਅ

Last Updated: May 03 2019 18:41
Reading time: 2 mins, 11 secs

ਗਰਮੀ ਤੇ ਬਾਰਸ਼ ਦੇ ਸੀਜ਼ਨ ਦੌਰਾਨ ਮੱਛਰਾਂ ਤੋਂ ਹੋਣ ਵਾਲੀਆਂ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਦੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਉਣ, ਸ਼ਹਿਰ ਨੂੰ ਡੇਂਗੂ ਮੁਕਤ ਬਣਾਉਣ ਅਤੇ ਇਨਾਂ ਬੀਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਧਿਕਾਰੀਆਂ ਦੀ ਟੀਮ ਵੱਲੋਂ ਮੰਡੀ ਗੋਬਿੰਦਗੜ ਸ਼ਹਿਰ ਦੇ ਮੁਹੱਲਾ ਦਸ਼ਮੇਸ਼ ਨਗਰ ਅਤੇ ਦਲੀਪ ਨਗਰ ਇਲਾਕਿਆਂ 'ਚ ਡੋਰ-ਟੂ-ਡੋਰ ਜਾ ਕੇ ਫੀਵਰ ਸਰਵੇ ਕੀਤਾ ਗਿਆ। ਇਸ ਦੌਰਾਨ ਟੀਮ ਮੈਂਬਰਾਂ ਵੱਲੋਂ ਘਰਾਂ ਅੰਦਰ ਕੂਲਰਾਂ ਅਤੇ ਹੋਰ ਥਾਂਵਾਂ ਤੇ ਜਮ੍ਹਾ ਰਹਿੰਦੇ ਪਾਣੀ 'ਚ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ, ਚਿਕਨਗੁਨੀਆ ਬੀਮਾਰੀ ਸਬੰਧੀ ਜਾਗਰੂਕ ਕਰਦੇ ਹੋਏ ਆਪਣੇ ਘਰਾਂ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਸਬੰਧੀ ਪ੍ਰੇਰਿਤ ਕੀਤਾ ਗਿਆ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਹਰਵੀਰ ਸਿੰਘ ਅਤੇ ਪੀਐਚਸੀ ਚਨਾਰਥਲ ਕਲਾਂ ਦੇ ਐਸ.ਐਮ.ਓ ਡਾ. ਰਮਿੰਦਰ ਕੌਰ ਵੱਲੋਂ ਦਿੱਤੇ ਨਿਰਦੇਸ਼ਾਂ ਤੇ ਹੈਲਥ ਇੰਸਪੈਕਟਰ ਹਰਮਿੰਦਰਪਾਲ ਤੇ ਸੈਨੇਟਰੀ ਸੁਪਰਵਾਈਜ਼ਰ ਰਮੇਸ਼ ਕੁਮਾਰ ਦੀ ਅਗਵਾਈ 'ਚ ਸਿਹਤ ਵਿਭਾਗ ਤੇ ਕੌਂਸਲ ਮੁਲਾਜ਼ਮਾਂ ਦੀ ਟੀਮ ਨੇ ਵੱਖ-ਵੱਖ ਇਲਾਕਿਆਂ 'ਚ ਘਰਾਂ ਅੰਦਰ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ। ਇਸਤੋਂ ਇਲਾਵਾ ਇਲਾਕਾ ਵਾਸੀਆਂ ਨੂੰ ਡੇਂਗੂ ਅਤੇ ਚਿਕਨਗੁਨੀਆ ਬੀਮਾਰੀ ਸਬੰਧੀ ਜਾਣਕਾਰੀ ਦਿੰਦੇ ਜਾਗਰੂਕ ਕੀਤਾ ਤੇ ਬੀਮਾਰੀਆਂ ਤੋਂ ਬਚਾਅ ਕਰਨ ਦੇ ਤਰੀਕਿਆਂ ਸਬੰਧੀ ਜਾਣੂ ਕਰਵਾਉਣ ਵਾਲੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸਦੇ ਨਾਲ ਹੀ ਇਲਾਕੇ 'ਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਚੈਕਿੰਗ ਦੌਰਾਨ ਘਰਾਂ ਅੰਦਰ ਮੱਛਰਾਂ ਦੇ ਲਾਰਵਾ ਪਾਏ ਜਾਣ ਤੇ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ।

ਇਸ ਮੌਕੇ ਹੈਲਥ ਇੰਸਪੈਕਟਰ ਹਰਮਿੰਦਰਪਾਲ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਟੀਮ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਤੋਂ ਬਚਾਅ ਰੱਖਣ ਲਈ ਕੂਲਰਾਂ, ਫਰਿਜਾਂ, ਗਮਲਿਆਂ, ਟਾਇਰਾਂ ਆਦਿ 'ਚ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਇੱਕੋ ਥਾਂ ਜਮ੍ਹਾ ਰਹਿਣ ਵਾਲੇ ਸਾਫ ਪਾਣੀ 'ਚ ਡੇਂਗੂ ਅਤੇ ਚਿਕਨਗੁਨੀਆ ਮੱਛਰਾਂ ਦੇ ਲਾਰਵਾ ਪੈਦਾ ਹੁੰਦੇ ਹਨ। ਡੇਂਗੂ ਅਤੇ ਚਿਕਨਗੁਨੀਆ ਬੀਮਾਰੀ ਤੋਂ ਬਚਣ ਲਈ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਮੌਕੇ ਕੂਲਰ ਖਾਲੀ ਕਰਕੇ ਸੁਕਾਉਂਦੇ ਰਹਿਣਾ ਚਾਹੀਦਾ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਖੂਨ ਦੀ ਜਾਂਚ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ 'ਚ ਮਲੇਰੀਆ ਅਤੇ ਡੇਂਗੂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ।

ਸਿਹਤ ਵਿਭਾਗ ਅਧਿਕਾਰੀਆਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਘਰਾਂ 'ਚ ਕੂਲਰਾਂ ਆਦਿ 'ਚ ਪਾਣੀ ਬਦਲਣਾ ਚਾਹੀਦਾ ਹੈ। ਇਹ ਮੱਛਰ ਇਨਸਾਨ ਨੂੰ ਦਿਨ ਸਮੇਂ ਕੱਟਦੇ ਹਨ। ਇਸ ਲਈ ਲੋਕਾਂ ਨੂੰ ਆਪਣਾ ਸ਼ਰੀਰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਪਣੇ ਆਲੁ ਦੁਆਲੇ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ। ਰਾਤ ਨੂੰ ਸੌਣ ਸਮੇਂ ਮੱਛਰਾਂ 'ਚੋਂ ਬਚਣ ਲਈ ਮੱਛਰਦਾਨੀ, ਮੱਛਰ ਭਜਾਊ ਕਰੀਮਾਂ ਤੇ ਹੋਰ ਯੰਤਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ ਤਾਂ ਕਿ ਇਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਟੀਮ 'ਚ ਸਿਹਤ ਮੁਲਾਜ਼ਮ ਹਰਦੀਪ ਸਿੰਘ ਤੰਗਰਾਲਾ, ਜਸਵਿੰਦਰ ਸਿੰਘ ਬਰੌਂਗਾ ਜ਼ੇਰ, ਨਰਪਿੰਦਰ ਸਿੰਘ ਅੰਬੇਮਾਜਰਾ, ਦਵਿੰਦਰ ਸਿੰਘ ਮੰਡੇਰ, ਹਰਪ੍ਰੀਤ ਸਿੰਘ (ਕਮਿਊਨਿਟੀ ਫੈਸਲੀਟੇਟਰ) ਆਦਿ ਮੌਜੂਦ ਸਨ।