ਪ੍ਰੇਜੈਂਟੇਸ਼ਨ ਦੇ ਜਰੀਏ ਦੰਦਾਂ ਅਤੇ ਮਸੂੜ੍ਹਿਆਂ ਦੇ ਗੰਭੀਰ ਇਨਫੈਕਸ਼ਨ ਤੇ ਚਾਨਣਾ ਪਾਇਆ

Last Updated: May 03 2019 15:38
Reading time: 1 min, 34 secs

ਦੰਦਾਂ ਦੀ ਸਿਹਤ ਸੰਭਾਲ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਇਹ ਸ਼ਬਦ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਜ਼ਿਲ੍ਹੇ ਦੇ ਮੈਡੀਕਲ ਅਫ਼ਸਰਾਂ (ਡੈਂਟਲ) ਦੀ ਲਈ ਗਈ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਗਟ ਕੀਤੇ। ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈ ਇਸ ਮੀਟਿੰਗ ਵਿੱਚ ਉਨ੍ਹਾਂ ਨੇ ਡਾਕਟਰਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ। ਡਾ. ਮੱਲ ਨੇ ਕਿਹਾ ਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਲੋਕ ਦੰਦਾਂ ਸਬੰਧੀ ਸਮੱਸਿਆ ਲੈ ਕੇ ਉਦੋਂ ਡਾਕਟਰ ਕੋਲ ਆਉਂਦੇ ਹਨ, ਜਦ ਸਥਿਤੀ ਗੰਭੀਰ ਹੋ ਜਾਂਦੀ ਹੈ। ਦੰਦਾਂ ਦੇ ਦਰਦ ਜਾਂ ਮਸੂੜ੍ਹਿਆਂ ਸਬੰਧੀ ਪਰੇਸ਼ਾਨੀ ਹੋਣ ਤੇ ਘਰੇਲੂ ਇਲਾਜ ਕਰਨਾ ਆਮ ਹੈ, ਜੋ ਕਿ ਗਲਤ ਹੈ। ਇਸ ਨਾਲ ਮੂੰਹ ਵਿੱਚ ਗੰਭੀਰ ਇਨਫੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਜਦ ਵੀ ਮਰੀਜ਼ ਇਲਾਜ ਲਈ ਆਉਣ ਤਾਂ ਉਨ੍ਹਾਂ ਨੂੰ ਠੀਕ ਹੋਣ ਤੋਂ ਬਾਅਦ ਵੀ ਨਿਯਮਿਤ ਤੌਰ ਤੇ ਡੈਂਟਿਸਟ ਕੋਲੋਂ ਚੈਕਅੱਪ ਲਈ ਪ੍ਰੇਰਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਹਦਾਇਤ ਕੀਤੀ ਕਿ ਬਜ਼ੁਰਗ ਮਰੀਜ਼ਾਂ ਨੂੰ ਪਹਿਲ ਦੇ ਆਧਾਰ ਤੇ ਦੇਖਿਆ ਜਾਵੇ।

ਇਸ ਮੌਕੇ ਤੇ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ ਦਾ ਰੀਵਿਊ ਕੀਤਾ ਗਿਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਤੇ ਚਰਚਾ ਕੀਤੀ ਗਈ। ਇਸ ਮੌਕੇ ਤੇ ਡਾ. ਬਰਿੰਦਰ ਸਿੰਘ ਵੱਲੋਂ ਦੰਦਾਂ ਅਤੇ ਮਸੂੜ੍ਹਿਆਂ ਦੀ ਗੰਭੀਰ ਇਨਫੈਕਸ਼ਨ (ਐਕਿਊਟ ਨੈਕਰੋਟਾਈਜਿੰਗ ਅਲਸਰੇਟਿਵ ਜਿੰਜੀਵਾਈਟਸ) ਤੇ ਪਾਵਰ ਪੁਆਇੰਟ ਪ੍ਰੇਜੈਂਟੇਸ਼ਨ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜੇਕਰ ਦੰਦਾਂ ਦੀ ਸਹੀ ਸੰਭਾਲ ਨਾ ਰੱਖੀ ਜਾਵੇ ਤਾਂ ਇਹ ਬਿਮਾਰੀ ਮਸੂੜ੍ਹਿਆਂ ਤੋਂ ਸ਼ੁਰੂ ਹੋ ਕੇ ਮੂੰਹ ਦੀ ਹੱਡੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਤੇ ਉਹ ਗਲਣ ਵਾਲੀ ਅਵਸਥਾ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਡਾ. ਬਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਐੱਚ.ਆਈ.ਵੀ. ਨਾਲ ਪੀੜਤ ਮਰੀਜ਼ਾਂ ਵਿੱਚ ਵੀ ਇਹ ਸਮੱਸਿਆ ਜ਼ਿਆਦਾ ਪਾਈ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੰਦਾਂ ਅਤੇ ਮਸੂੜ੍ਹਿਆਂ ਦੀ ਕਿਸੇ ਵੀ ਸਮੱਸਿਆ ਲਈ ਹਮੇਸ਼ਾ ਡੈਂਟਿਸਟ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਤੇ ਡਾਕਟਰ ਮੋਨਿੰਦਰ ਕੌਰ, ਡਾਕਟਰ ਪ੍ਰੀਤਮ ਦਾਸ, ਡਾ. ਚਮਨ ਲਾਲ, ਡਾਕਟਰ ਸੁਮਨਦੀਪ, ਡਾਕਟਰ ਪਰਮਜੀਤ ਕੌਰ, ਡਾਕਟਰ ਦੀਪਕ ਜੈਨ, ਡਾਕਟਰ ਤਲਵਿੰਦਰ ਕੌਰ, ਡਾਕਟਰ ਹਰਪ੍ਰੀਤ ਕੌਰ, ਡਾ. ਵਿਕਾਸਦੀਪ ਵੀ ਹਾਜ਼ਰ ਸਨ।