ਵਿਆਹੁਤਾ ਨੂੰ ਅੱਗ ਲਾ ਕੇ ਸਾੜ ਦਿੱਤੇ ਜਾਣ ਦਾ ਇਲਜ਼ਾਮ, ਪਤੀ ਸਣੇ ਸੱਸ-ਸਹੁਰਾ ਨਾਮਜ਼ੱਦ

Last Updated: May 02 2019 19:15
Reading time: 1 min, 22 secs

ਦਹੇਜ ਦੀ ਮੰਗ ਨੂੰ ਲੈਕੇ ਇੱਕ ਹੋਰ ਵਿਆਹੁਤਾ ਨੂੰ ਦਰਦਨਾਕ ਮੌਤ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਨੂੰ ਅੱਗ ਲਾ ਕੇ ਸਾੜ ਦਿੱਤੇ ਜਾਣ ਦਾ ਇਲਜ਼ਾਮ ਮ੍ਰਿਤਕਾ ਦੇ ਪਿਤਾ ਨੇ ਲਾਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਣੇ ਉਸਦੇ ਸੱਸ-ਸਹੁਰੇ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਅਰੰਭੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਨਾਮਜ਼ੱਦ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਤਲਾਸ਼ ‘ਚ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਅਰਨੀਵਾਲਾ ਨੇ ਪਿੰਡ ਅਰਨੀਵਾਲਾ ਸੇਖ ਸੁਭਾਨ ਵਾਸੀ ਅਮ੍ਰਿਤ ਸਿੰਘ ਦੇ ਬਿਆਨਾਂ ‘ਤੇ ਪਿੰਡ ਨੁਕੇਰੀਆਂ ਦੇ ਬਲਵਿੰਦਰ ਸਿੰਘ ਪੁੱਤਰ ਕੁੰਦਨ ਸਿੰਘ, ਸੁਮਿਤਰਾ ਉਰਫ ਮੀਤੋ ਪਤਨੀ ਕੁੰਦਨ ਸਿੰਘ ਅਤੇ ਕੁੰਦਨ ਸਿੰਘ ਪੁੱਤਰ ਗੰਗਾ ਸਿੰਘ ਖਿਲਾਫ਼ ਅਧੀਨ ਧਾਰਾ 304 ਬੀ, 34 ਤਹਿਤ ਮੁਕੱਦਮਾ ਦਰਜ ਕੀਤਾ ਹੈ। ਅਮ੍ਰਿਤ ਸਿੰਘ ਨੇ ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨ ‘ਚ ਦੱਸਿਆ ਕਿ ਉਸਦੀ ਲੜਕੀ ਨਿਰਮਲਜੀਤ ਕੌਰ ਨੇ ਬਲਵਿੰਦਰ ਸਿੰਘ ਨਾਲ 5 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਪਰ ਨਿਰਮਲਜੀਤ ਕੌਰ ਦੇ ਸਹੁਰੇ ਪਰਿਵਾਰ ਦਹੇਜ ਦੀ ਮੰਗ ਲਗਾਤਾਰ ਕਰਦੇ ਆ ਰਹੇ ਸਨ ਅਤੇ ਇਸ ਕਰਕੇ ਉਸਦੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਇਲਜ਼ਾਮ ਇਹ ਵੀ ਹੈ ਕਿ ਨਿਰਮਲਜੀਤ ਕੌਰ ਨਾਲ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਮਾਰਕੁੱਟ ਵੀ ਕਰਦੇ ਸਨ।

ਮ੍ਰਿਤਕਾਂ ਦੇ ਪਿਤਾ ਵੱਲੋਂ ਲਾਏ ਗਏ ਦੋਸ਼ ਅਨੁਸਾਰ 1 ਮਈ ਦੀ ਸ਼ਾਮ ਨੂੰ ਪਿੰਡ ਨੁਕੇਰੀਆਂ ਦੇ ਸਾਬਕਾ ਮੈਂਬਰ ਪੰਚਾਇਤ ਗੁਰਮੀਤ ਸਿੰਘ ਦਾ ਫੋਨ ਆਇਆ ਕਿ ਉਸਦੀ ਲੜਕੀ ਦੀ ਅੱਗ ਨਾਲ ਸੜ ਜਾਣ ਕਰਕੇ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪਿਤਾ ਅਨੁਸਾਰ ਉਸਨੇ ਇਸ ਸਬੰਧੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਅਤੇ ਉਸਦੀ ਬੇਟੀ ਦੀ ਮੌਤ ਲਈ ਉਸਦੇ ਪਤੀ ਅਤੇ ਸੱਸ-ਸਹੁਰੇ ਨੂੰ ਜਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਉਸਦੀ ਬੇਟੀ ਨੂੰ ਦਹੇਜ ਖਾਤਿਰ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ਨੇ ਮਿਲੀ ਸ਼ਿਕਾਇਤ ਅਤੇ ਹੋਰ ਕਾਰਵਾਈ ਕਰਨ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਰੰਭੀ ਹੈ।