ਕੁੱਟ-ਕੁੱਟ ਕੇ ਮਾਰ ਦਿੱਤਾ ਨਸ਼ਾ ਛੁਡਾਓ ਕੇਂਦਰ 'ਚ ਦਾਖ਼ਲ ਬੰਦੇ ਨੂੰ !!!

Last Updated: May 02 2019 15:09
Reading time: 0 mins, 47 secs

ਕਸਬਾ ਸੂਲਰਘਰਾਟ ਵਿਖੇ ਸਥਿਤ ਇੱਕ ਨਿਜੀ ਨਸ਼ਾ ਛੁਡਾਓ ਕੇਂਦਰ ਵਿੱਚ ਨਸ਼ਾ ਛੁਡਵਾਉਣ ਲਈ ਦਾਖ਼ਲ ਹੋਏ ਇੱਕ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਕੁੱਟਮਾਰ ਕਾਰਨ ਮਰੇ ਵਿਅਕਤੀ ਦੀ ਪਹਿਚਾਣ ਪਿੰਡ ਸ਼ੇਰੋ ਦੇ ਰਹਿਣ ਵਾਲੇ 44 ਸਾਲਾਂ ਦੇ ਕੇਵਲ ਸਿੰਘ ਦੇ ਤੌਰ ਤੇ ਹੋਈ ਹੈ। ਦੱਸਿਆ ਜਾਂਦਾ ਹੈ ਕਿ, ਕੇਵਲ ਸਿੰਘ ਲੋੜ ਨਾਲੋਂ ਵੱਧ ਸ਼ਰਾਬ ਪੀਣ ਦਾ ਆਦੀ ਸੀ ਤੇ ਉਸਨੂੰ ਚੰਦ ਦਿਨ ਪਹਿਲਾਂ ਹੀ ਸੂਲਰਘਰਾਟ ਦੇ ਨਸ਼ਾ ਛੁਡਾਓ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ।

ਕੇਵਲ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਕੌਣ ਲੋਕ ਸਨ? ਉਹ ਨਸ਼ਾ ਛੁਡਾਓ ਕੇਂਦਰ ਦੇ ਹੀ ਕਰਮਚਾਰੀ ਸਨ ਜਾਂ ਫ਼ਿਰ ਇਲਾਜ ਲਈ ਪਹਿਲਾਂ ਤੋਂ ਦਾਖ਼ਲ ਹੋਏ ਮਰੀਜ਼? ਫ਼ਿਲਹਾਲ ਇਹ ਮਾਮਲਾ ਇੱਕ ਭੇਦ ਹੀ ਬਣਿਆ ਹੋਇਆ ਹੈ। ਨਾ ਹੀ ਨਸ਼ਾ ਛੁਡਾਓ ਕੇਂਦਰ ਵਾਲੇ ਮੂੰਹ ਖੋਲ੍ਹਣ ਲਈ ਤਿਆਰ ਹਨ ਤੇ ਨਾ ਹੀ ਪੁਲਿਸ। ਦੂਜੇ ਪਾਸੇ ਜੇਕਰ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਅਨੁਸਾਰ ਉਕਤ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਪਰ ਉਨ੍ਹਾਂ ਦੀ ਪਹਿਚਾਣ ਨੂੰ ਫ਼ਿਲਹਾਲ ਗੁਪਤ ਹੀ ਰੱਖਿਆ ਜਾ ਰਿਹਾ ਹੈ।