ਮਲੇਰੀਏ ਅਤੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਹਤ ਵਿਭਾਗ ਨੇ ਮੰਗਿਆ ਲੋਕਾਂ ਦਾ ਸਾਥ

Last Updated: May 02 2019 14:05
Reading time: 1 min, 46 secs

ਪੰਜਾਬ ਵਿੱਚੋਂ ਬਿਮਾਰੀਆਂ ਦੇ ਖ਼ਾਤਮੇ ਲਈ ਸੁਹਿਰਦ ਹੋਏ ਸਿਹਤ ਵਿਭਾਗ ਵੱਲੋਂ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਮਾਹਿਰਾਂ ਡਾਕਟਰਾਂ ਰਾਹੀਂ ਲੋਕਾਂ ਦੀਆਂ ਬਿਮਾਰੀਆਂ ਨੂੰ ਜੜ੍ਹੋਂ ਪੁੱਟਣ ਦਾ ਕਾਰਜ ਕੀਤਾ ਜਾ ਰਿਹਾ ਹੈ, ਉੱਥੇ ਪੋਲੀਓ ਤੋਂ ਬਾਅਦ ਹੁਣ ਦੇਸ਼ ਨੂੰ ਮਲੇਰੀਆ ਮੁਕਤ ਬਣਾਉਣ ਦਾ ਕਾਰਜ ਵੀ ਆਖ਼ਰੀ ਗੇੜ ਵਿੱਚ ਹੈ। ਮਲੇਰੀਆ, ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅਤੇ ਨਸ਼ੇ ਦੇ ਖ਼ਾਤਮੇ ਲਈ ਸੀਐੱਚਸੀ ਮਮਦੋਟ ਦੇ ਸਬ ਸੈਂਟਰਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਤਾਂ ਜੋ ਆਮ ਲੋਕ ਤੰਦਰੁਸਤ ਜ਼ਿੰਦਗੀ ਜਿਉਣ। 

ਇਹ ਜਾਣਕਾਰੀ ਐੱਸਐੱਮਓ ਮਮਦੋਟ ਡਾ. ਰਜਿੰਦਰ ਮਨਚੰਦਾ ਨੇ ਦਿੱਤੀ। ਆਪਣੇ ਸੰਬੋਧਨ ਵਿੱਚ ਡਾ. ਜਸਪ੍ਰੀਤ, ਡਾ. ਪੱਲਵੀ ਅਤੇ ਅੰਕੁਸ਼ ਭੰਡਾਰੀ ਬੀਈਈ ਨੇ ਦੱਸਿਆ ਕਿ ਮਲੇਰੀਏ ਦੇ ਪੂਰਨ ਖ਼ਾਤਮੇ ਲਈ ਆਮ ਲੋਕਾਂ ਦੀ ਹਿੱਸੇਦਾਰੀ ਦੀ ਅਹਿਮ ਜ਼ਰੂਰਤ ਹੈ ਤਾਂ ਜੋ ਅੰਤ ਦੇ ਕਿਨਾਰੇ ਖੜੀ ਇਸ ਬਿਮਾਰੀ ਨੂੰ ਜੜ੍ਹੋਂ ਪੁੱਟਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮਲੇਰੀਆ ਬੁਖ਼ਾਰ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦੇ ਹਨ ਜੋ ਕਿ ਦਿਨ ਅਤੇ ਰਾਤ ਵੇਲੇ ਕੱਟਦੇ ਹਨ। 

ਅੰਕੁਸ਼ ਭੰਡਾਰੀ ਬੀਈਈ ਅਤੇ ਮਹਿੰਦਰ ਪਾਲ ਐੱਮਪੀਐੱਚ ਡਬਲਯੂ ਮੇਲ ਨੇ ਦੱਸਿਆ ਕਿ ਬੁਖ਼ਾਰ ਦੀ ਸਥਿਤੀ ਵਿੱਚ ਤੁਰੰਤ ਸਰਕਾਰੀ ਸਿਹਤ ਕੇਂਦਰ ਵਿੱਚ ਸੰਪਰਕ ਕੀਤਾ ਜਾਵੇ ਅਤੇ ਜ਼ਰੂਰਤ ਪੈਣ 'ਤੇ ਤੁਰੰਤ ਖ਼ੂਨ ਦੇ ਟੈੱਸਟ ਕਰਵਾਏ ਜਾਣ ਤਾਂ ਜੋ ਮਲੇਰੀਏ ਨੂੰ ਪਨਪਣ ਤੋਂ ਪਹਿਲਾਂ ਹੀ ਦਬੋਚਿਆ ਜਾ ਸਕੇ। ਮਲੇਰੀਆ ਬੁਖ਼ਾਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ ਆਦਿ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾਵੇ। 

ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਨਸ਼ੇ ਵਰਗੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਦੇ ਲਈ ਲੋਕ ਲਹਿਰ ਸਿਰਜੀ ਜਾਵੇ ਤਾਂ ਜੋ ਦੇਸ਼ ਦਾ ਭਵਿੱਖ ਨੌਜਵਾਨ ਪੀੜੀ ਨੂੰ ਸਹੀ ਰਾਹੇ ਪਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਮਮਦੋਟ ਵੱਲੋਂ ਨਸ਼ਿਆਂ ਵਿਰੁੱਧ ਲੋਕ ਲਹਿਰ ਖੜੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਲੋਕ ਇਸ ਦਲਦਲ ਵਿੱਚੋਂ ਬਾਹਰ ਨਿਕਲ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਦੱਸਿਆ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਸਿਵਲ ਹਸਪਤਾਲਾਂ ਅਤੇ ਸੀਐੱਚਸੀ ਵਿਖੇ ਨਸ਼ਾ ਛੁਡਾਓ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਸ ਬਾਬਤ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਜਾਣੂ ਕਰਵਾ ਕੇ ਉਕਤ ਕੇਂਦਰਾਂ ਵਿੱਚ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।