ਐਫ.ਆਈ.ਆਰ ਦੇ ਆਦੇਸ਼ ਤੋਂ ਮਗਰੋਂ ਪੁਰਾਣੀ ਪੰਚਾਇਤਾਂ ਨੇ ਸੌਂਪਿਆ ਨਵੀਂ ਪੰਚਾਇਤਾਂ ਨੂੰ ਸਰਕਾਰੀ ਰਿਕਾਰਡ..!!!!

Last Updated: May 01 2019 16:21
Reading time: 1 min, 39 secs

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਵੱਲੋਂ ਸਰਕਾਰੀ ਰਿਕਾਰਡ ਅਤੇ ਸਮਾਨ ਨਵੀਂ ਪੰਚਾਇਤ ਨੂੰ ਨਾ ਦੇਣ ਵਾਲੀਆਂ ਪੰਚਾਇਤਾਂ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕਰਨ ਦੇ ਆਦੇਸ਼ ਦਾ ਅਸਰ ਦਿੱਖਣ ਲੱਗ ਪਿਆ ਹੈ। ਪੁਲਿਸ ਕਾਰਵਾਈ ਤੋਂ ਪਹਿਲਾਂ ਹੀ ਪੰਚਾਇਤਾਂ ਨੇ ਸਾਰਾ ਸਮਾਨ ਨਵੀਆਂ ਪੰਚਾਇਤਾਂ ਦੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਬਲਾਕ ਘੱਲ ਖ਼ੁਰਦ ਵਿੱਚ ਪੈਂਦੇ ਪਿੰਡ ਨਰਾਇਣਗੜ੍ਹ ਦੀ ਨਵੀਂ ਪੰਚਾਇਤ ਦੀ ਸ਼ਿਕਾਇਤ ਤੇ ਐਫ.ਆਈ.ਆਰ ਦਰਜ ਕਰਵਾਉਣ ਦਾ ਆਦੇਸ਼ ਦਿੱਤਾ ਸੀ। 

ਸਰਪੰਚ ਭਗਵਾਨ ਸਿੰਘ ਦੀ ਅਗਵਾਈ ਵਿੱਚ ਪੂਰੀ ਪੰਚਾਇਤ ਨੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਾਖਲ ਕੀਤੀ ਸੀ ਕਿ ਉਨ੍ਹਾਂ ਨੂੰ ਪੁਰਾਣੀ ਪੰਚਾਇਤ ਨੇ ਸਰਕਾਰੀ ਰਿਕਾਰਡ ਅਤੇ ਪੰਚਾਇਤੀ ਸਮਾਨ ਨਹੀਂ ਸੌਂਪਿਆ। ਜਿਸ ਵਿੱਚ ਪਾਣੀ ਦਾ ਟੈਂਕਰ, ਅਲਮਾਰੀ, ਫ਼ਰਨੀਚਰ ਅਤੇ ਕਈ ਦਸਤਾਵੇਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਫ਼ੰਡ ਵੀ ਟਰਾਂਸਫ਼ਰ ਨਹੀਂ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਨੇ ਇਸ ਸ਼ਿਕਾਇਤ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਨੂੰ ਐਫ.ਆਈ.ਆਰ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਸਨ। 

ਐਫ.ਆਈ.ਆਰ ਦੇ ਆਦੇਸ਼ਾਂ ਦੇ ਬਾਅਦ ਪੁਰਾਣੀ ਪੰਚਾਇਤ ਨੇ ਟੈਂਕਰ, ਅਲਮਾਰੀ, ਫ਼ਰਨੀਚਰ ਸਮੇਤ ਸਾਰਾ ਰਿਕਾਰਡ ਨਵੀਂ ਪੰਚਾਇਤ ਦੇ ਹਵਾਲੇ ਕਰ ਦਿੱਤਾ ਹੈ ਅਤੇ ਫ਼ੰਡ ਦੀ ਸੂਚੀ ਦੇ ਦਿੱਤੀ ਹੈ, ਜਿਸ ਦੇ ਤਹਿਤ ਫ਼ੰਡ ਨੂੰ ਇਸਤੇਮਾਲ ਕਰਨ ਦੇ ਬਾਅਦ ਵਰਤੋਂ ਸਰਟੀਫਿਕੇਟ ਨਵੀਂ ਪੰਚਾਇਤ ਨੂੰ ਦੇ ਦਿੱਤੇ ਹਨ। ਡੀ.ਡੀ.ਪੀ.ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ ਦੂਸਰੇ ਪਿੰਡਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਗਰਾਮ ਪੰਚਾਇਤ ਤਖਤੂ ਵਾਲਾ, ਬਧਨੀ ਜੈਮਲ ਸਿੰਘ, ਬਸਤੀ ਅਜੀਜ ਵਾਲੀ, ਬਸਤੀ ਢਾਬ ਵਾਲੀ, ਫ਼ਿਰੋਜ਼ਸ਼ਾਹ, ਫਿੱਡੇ, ਪਤਲੀ ਆਦਿ ਪਿੰਡਾਂ ਦੇ ਪੁਰਾਣੀ ਪੰਚਾਇਤ ਵੱਲੋਂ ਨਵੀਂ ਪੰਚਾਇਤ ਨੂੰ ਸਾਰਾ ਸਰਕਾਰੀ ਰਿਕਾਰਡ ਦੇ ਦਿੱਤਾ ਗਿਆ ਹੈ। 

ਇਨ੍ਹਾਂ ਪਿੰਡਾਂ ਵਿੱਚ ਵੀ ਨਵੀਆਂ ਪੰਚਾਇਤਾਂ ਨੂੰ ਵੀ ਰਿਕਾਰਡ ਸਬੰਧੀ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਸਨ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਸਰਕਾਰੀ ਰਿਕਾਰਡ ਤੇ ਸਮਾਨ ਕਿਸੇ ਦੀ ਨਿੱਜੀ ਜਾਗੀਰ ਨਹੀਂ ਬਲਕਿ ਸਰਕਾਰੀ ਅਮਾਨਤ ਹੈ, ਇਸ ਨੂੰ ਕੋਈ ਵੀ ਵਿਅਕਤੀ ਆਪਣੇ ਕੋਲ ਨਹੀਂ ਰੱਖ ਸਕਦਾ। ਉਨ੍ਹਾਂ ਨੇ ਹੋਰ ਗਰਾਮ ਪੰਚਾਇਤਾਂ ਦੇ ਪੁਰਾਣੇ ਮੈਂਬਰਾਂ/ਸਰਪੰਚਾਂ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਵੀ ਪੰਚਾਇਤੀ ਸਮਾਨ ਜਾਂ ਰਿਕਾਰਡ ਪਿਆ ਹੈ ਤਾਂ ਤੁਰੰਤ ਨਵੀਂ ਪੰਚਾਇਤ ਦੇ ਹਵਾਲੇ ਕੀਤਾ ਜਾਵੇ। ਸਰਕਾਰੀ ਰਿਕਾਰਡ ਤੇ ਸਮਾਨ ਆਪਣੇ ਕੋਲ ਰੱਖਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।