'ਤੇ ਹਾਦਸੇ ਦੇ ਬਾਅਦ, ਬਰਾਮਦ ਮਾਊਜ਼ਰ ਹੀ ਡਕਾਰ ਗਈ ਪਟਿਆਲਾ ਪੁਲਿਸ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 01 2019 15:23
Reading time: 2 mins, 3 secs

ਭਾਵੇਂ ਕਿ ਪਿੰਡ ਬਿਲਾਸਪੁਰ ਕੋਲ ਹੋਇਆ ਸੜਕ ਹਾਦਸਾ ਵੇਖਣ ਨੂੰ ਇੱਕ ਆਮ ਸੜਕ ਹਾਦਸਾ ਹੀ ਨਜ਼ਰ ਆਇਆ ਪਰ, ਉਹ ਇਨਾਂ ਵੀ ਆਮ ਨਹੀਂ ਸੀ, ਜਿਨਾ ਕਿ ਪਟਿਆਲਾ ਪੁਲਿਸ ਉਸ ਨੂੰ ਆਮ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਲਗਜ਼ਰੀ ਕਾਰ ਤੇ ਐਕਟਿਵਾ ਸਕੂਟਰੀ ਦਰਮਿਆਨ ਹੋਏ ਇਸ ਹਾਦਸੇ ਦੇ ਦੌਰਾਨ ਸਕੂਟਰੀ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਿਸ ਦੀ ਪਹਿਚਾਣ ਪਿੰਡ ਬਿਲਾਸਪੁਰ ਦੇ ਹੀ ਰਹਿਣ ਵਾਲ ਹਰਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ। 

ਗੱਲ ਕਰੀਏ ਜੇਕਰ, ਹੁਣ ਲਗਜ਼ਰੀ ਕਾਰ ਦੇ ਅਸਲ ਚਾਲਕ ਦੀ ਤਾਂ, ਪੁਲਿਸ ਨਾ ਕੇਵਲ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੋਈ ਨਜ਼ਰ ਆਈ ਬਲਕਿ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੋਈ ਵੀ ਨਜ਼ਰ ਆਈ। ਭਾਵੇਂ ਕਿ ਕਾਰ ਚਲਾਕ ਹਾਦਸੇ ਦੇ ਤੁਰੰਤ ਬਾਅਦ ਮੌਕਾ-ਏ-ਵਾਰਦਾਤ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ, ਪਰ ਜਾਂਦੇ ਹੋਏ ਉਹ ਆਪਣੀ ਕਾਰ ਵੀ ਉੱਥੇ ਹੀ ਛੱਡ ਗਿਆ ਤੇ ਨਾਲ ਹੀ ਛੱਡ ਗਿਆ, ਗੈਰ ਮਨਜ਼ੂਰਸ਼ੁਦਾ ਬੋਰ ਦਾ ਮਾਊਜ਼ਰ ਵੀ। 

ਜੇਕਰ ਹੁਣ ਗੱਲ ਕਰੀਏ ਪੁਲਿਸ ਵੱਲੋਂ ਦਰਜ ਕੀਤੇ ਗਏ ਪਰਚੇ ਦੀ ਤਾਂ, ਥਾਣਾ ਸਦਰ ਪਟਿਆਲਾ ਪੁਲਿਸ ਨੇ ਨਾਂ ਕੇਵਲ ਕਾਰ ਚਾਲਕ ਨੂੰ ਬਚਾਉਣ ਦੇ ਚੱਕਰਾਂ ਵਿੱਚ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਹੀ ਮੁਕੱਦਮਾ ਨੰਬਰ 70 ਦਰਜ ਕੀਤਾ ਬਲਕਿ, ਉਹ ਹਾਦਸਾ ਕਰਨ ਵਾਲੀ ਕਾਰ 'ਚੋਂ ਬਰਾਮਦ ਹੋਏ ਮਾਊਜ਼ਰ ਨੂੰ ਵੀ ਡਕਾਰ ਗਈ। ਦੋਸਤੋ, ਕਾਰ 'ਚੋਂ ਮਾਊਜ਼ਰ ਬਰਾਮਦ ਹੋਣ ਵਾਲੀ ਗੱਲ ਵੀ ਸ਼ਾਇਦ ਦਬਕੇ ਹੀ ਰਹਿ ਜਾਣੀ ਸੀ, ਜੇਕਰ ਮੌਕੇ ਤੇ ਮੌਜੂਦ ਕੁਝ ਲੋਕ ਵੀਡੀਓ ਨਾ ਬਣਾ ਲੈਂਦੇ ਤਾਂ। ਭਾਵੇਂ ਕਿ, ਇਸ ਗੱਲ ਦੀ ਅਧਿਕਾਰਤ ਤੌਰ 'ਤੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਪਰ, ਭਰੋਸੇਯੋਗ ਪੁਲਿਸ ਸੂਤਰਾਂ ਅਨੁਸਾਰ ਸਕੂਟਰੀ ਸਵਾਰ ਦੀ ਮੌਤ ਦਾ ਕਾਰਨ ਬਣਿਆ ਸ਼ਖ਼ਸ ਕੋਈ ਆਮ ਬੰਦਾ ਨਾਂ ਹੋਕੇ, ਸਿਆਸਤ ਵਿੱਚ ਉੱਚੀ ਪਹੁੰਚ ਰੱਖਣ ਵਾਲਾ ਸੀ, ਸ਼ਾਇਦ ਇਹੀ ਇੱਕ ਵੱਡੀ ਵਜ੍ਹਾ ਹੈ ਕਿ, ਪੁਲਿਸ ਉਸ ਨੂੰ ਬਚਾਉਣ ਲਈ ਪੂਰੀ ਸਾਹੋ ਸਾਹੀ ਹੋਈ ਫਿਰਦੀ ਹੈ। 

ਦੋਸਤੋ, ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਾਬਤਾ ਲੱਗਿਆ ਲਗਭਗ ਦੋ ਮਹੀਨੇ ਹੋਣ ਨੂੰ ਆਏ ਹਨ, ਪੁਲਿਸ ਆਪਣੇ ਦਾਅਵੇ ਅਨੁਸਾਰ ਸੂਬੇ ਦੇ ਸਾਰੇ ਲਾਇਸੈਂਸ ਸ਼ੁਦਾ ਹਥਿਆਰ ਥਾਣਿਆਂ 'ਤੇ ਅਸਲਾ ਘਰਾਂ ਵਿੱਚ ਜਮਾਂ ਕਰਵਾ ਚੁੱਕੀ ਹੈ। ਇਸ ਸਭ ਦੇ ਬਾਵਜੂਦ ਵੀ ਜੇਕਰ ਕਿਸੇ ਬੰਦੇ ਕੋਲੋਂ ਕੋਈ ਹਥਿਆਰ ਜਾਂ ਗੋਲੀ ਸਿੱਕਾ ਬਰਾਮਦ ਹੁੰਦਾ ਹੈ ਤਾਂ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਉਹ ਬੰਦਾ ਆਮ ਹੀ ਹੋਵੇਗਾ। ਯਕੀਨ ਨਾਲ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ, ਕਾਰ 'ਚੋਂ ਬਰਾਮਦ ਹੋਇਆ ਮਾਊਜ਼ਰ ਮਨਜ਼ੂਰਸ਼ੁਦਾ ਤੇ ਲਾਇਸੈਂਸੀ ਹੀ ਹੋਵੇਗਾ। ਪੁਲਿਸ ਵੱਲੋਂ ਹਾਦਸੇ ਦੇ ਬਾਅਦ ਮਾਊਜ਼ਰ ਡਕਾਰ ਜਾਣ ਦਾ ਮਾਮਲਾ ਫ਼ਿਲਹਾਲ ਚਰਚਾ ਤੇ ਸਵਾਲਾਂ ਦੇ ਘੇਰੇ ਵਿੱਚ ਹੈ। ਉੱਚ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।