ਟੱਕਰ ਮਾਰ ਕੇ 4 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਵਿਰੁੱਧ ਪਰਚਾ ਦਰਜ!!!

Last Updated: May 01 2019 13:07
Reading time: 1 min, 8 secs

ਬੀਤੇ ਦਰਮਿਆਨੀ ਰਾਤ ਨੂੰ ਜ਼ੀਰਾ-ਮੱਖੂ ਰੋਡ 'ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ 4 ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਇਸ ਸਬੰਧ ਵਿੱਚ ਜ਼ੀਰਾ ਪੁਲਿਸ ਦੇ ਵੱਲੋਂ ਇੱਕ ਟਰੱਕ ਚਾਲਕ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਰਪਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਬੂਈਆ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਭਰਾ ਹਰਜਿੰਦਰ ਸਿੰਘ ਆਪਣੇ ਟਰੈਕਟਰ ਮਗਰ ਤੂੜੀ ਵਾਲੀ ਮਸ਼ੀਨ ਅਤੇ ਦੋ ਟਰਾਲੀਆਂ ਪਾ ਕੇ ਸਮੇਤ ਕਾਲਾ ਉਰਫ ਹਰਪਿੰਦਰ ਸਿੰਘ ਪੁੱਤਰ ਅਜੀਤ ਸਿੰਘ, ਲੱਖਾ ਉਰਫ ਲਖਵਿੰਦਰ ਸਿੰਘ ਪੁੱਤਰ ਛਿੰਦਾ ਸਿੰਘ, ਜਗਸੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਅਤੇ ਇਕਬਾਲ ਸਿੰਘ ਉਰਫ ਬੱਬਾ ਪੁੱਤਰ ਬੋਹੜ ਸਿੰਘ ਵਾਸੀਅਨ ਬੂਈਆ ਵਾਲਾ ਨਾਲ ਅੰਮ੍ਰਿਤਸਰ ਜਾ ਰਹੇ ਸੀ।

ਜਦੋਂ ਉਹ ਮੱਖੂ ਜ਼ੀਰਾ ਰੋਡ 'ਤੇ ਸੀ ਤਾਂ ਇਸ ਦੌਰਾਨ ਇੱਕ ਟਰੱਕ ਨੇ ਮੁੱਦਈ ਦੇ ਭਰਾ ਹੁਰਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀਂ ਭਿਆਨਕ ਸੀ ਕਿ ਕਾਲਾ, ਇਕਬਾਲ, ਹਰਜਿੰਦਰ ਸਿੰਘ ਅਤੇ ਲੱਖ ਸਿੰਘ ਦੀ ਮੌਤ ਹੋ ਗਈ, ਜਦਕਿ ਜਗਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਗਜੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪੰਜ ਗਰਾਈਂ ਖੁਰਦ ਜ਼ਿਲ੍ਹਾ ਫਰੀਦਕੋਟ ਦੇ ਖਿਲਾਫ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।