ਟਰੈਕਟਰ ਅਤੇ ਟਰਾਲੇ 'ਚ ਭਿਆਨਕ ਟੱਕਰ, 4 ਵਿਅਕਤੀਆਂ ਦੀ ਮੌਤ.!!!

Last Updated: Apr 30 2019 12:14
Reading time: 1 min, 3 secs

ਜ਼ੀਰਾ ਵਿਖੇ ਅੱਜ ਟਰੈਕਟਰ ਅਤੇ ਟਰਾਲੇ ਵਿਚਕਾਰ ਹੋਏ ਭਿਆਨਕ ਹਾਦਸੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ, ਜਦੋਂਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਤੀ ਦਰਮਿਆਨੀ ਰਾਤ ਨੂੰ ਹਰਪਿੰਦਰ ਸਿੰਘ ਪੁੱਤਰ ਅਜੀਤ ਸਿੰਘ, ਲਖਵਿੰਦਰ ਸਿੰਘ ਪੁੱਤਰ ਛਿੰਦਾ ਸਿੰਘ, ਇਕਬਾਲ ਸਿੰਘ ਪੁੱਤਰ ਬੋਹੜ ਸਿੰਘ, ਹਰਜਿੰਦਰ ਸਿੰਘ ਪੁੱਤਰ ਦਲੀਪ ਸਿੰਘ, ਜਗਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਜ਼ੀਰਾ ਦੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਬਸਤੀ ਹਾਜੀ ਵਾਲੀ ਦੇ ਰਸਤੇ ਤੂੜੀ ਵਾਲੀ ਮਸ਼ੀਨ ਆਦਿ ਲੈ ਕੇ ਆ ਰਹੇ ਸੀ।

ਇਸ ਦੌਰਾਨ ਇੱਕ ਟਰਾਲੇ ਨੇ ਤੂੜੀ ਵਾਲੀ ਮਸ਼ੀਨ ਨੂੰ ਪਿਛੋਂ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਟਰੈਕਟਰ ਦਾ ਸੰਤੁਲਣ ਵਿਗੜ ਗਿਆ ਅਤੇ ਇਸ ਹਾਦਸੇ ਵਿੱਚ ਹਰਪਿੰਦਰ ਸਿੰਘ, ਲਖਵਿੰਦਰ ਸਿੰਘ, ਇਕਬਾਲ ਸਿੰਘ ਅਤੇ ਹਰਜਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂਕਿ ਜਗਬੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੱਸ ਦਈਏ ਕਿ ਹਾਦਸੇ ਨੂੰ ਅੰਜ਼ਾਮ ਦੇਣ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਥੇ ਇਹ ਵੀ ਦੱਸ ਦਈਏ ਕਿ ਮ੍ਰਿਤਕ ਅਤੇ ਜ਼ਖਮੀ ਪਿੰਡ ਬੂਈਆਂ ਵਾਲਾ ਕਸਬਾ ਜ਼ੀਰਾ ਦੇ ਰਹਿਣ ਵਾਲੇ ਸਨ। ਦੂਜੇ ਪਾਸੇ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈਂਦਿਆਂ ਹੋਇਆ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਨੂੰ ਕਮਲਬੰਦ ਕਰਦਿਆਂ ਹੋਇਆ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।