ਜਸਟਿਸ ਡਿਲੇਅਡ ਇਜ਼ ਜਸਟਿਡ ਡਿਨਾਇਡ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 23 2019 12:52
Reading time: 2 mins, 17 secs

ਇਹ ਗੱਲ ਪੂਰੇ ਦਾਅਵੇ ਨਾਲ ਨਹੀਂ ਆਖ਼ੀ ਜਾ ਸਕਦੀ ਕਿ ਪੰਜਾਬ ਵਿੱਚ 90ਵੇਂ ਦਹਾਕੇ ਦੇ ਦੌਰਾਨ ਚੱਲੀ ਕਾਲੀ ਹਨੇਰੀ ਦੇ ਦੌਰਾਨ ਪੰਜਾਬ ਤੇ ਪੰਜਾਬੀਆਂ ਨਾਲ ਧੱਕੇਸ਼ਾਹੀਆਂ ਨਹੀਂ ਹੋਈਆਂ ਹੋਣਗੀਆਂ। ਦਾਅਵੇ ਨਾਲ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ, ਉਹਨਾਂ ਦਿਨਾਂ ਵਿੱਚ ਵਾੜ ਹੀ ਖ਼ੇਤ ਨੂੰ ਨਹੀਂ ਖ਼ਾ ਗਈ ਹੋਵੇਗੀ। ਅੱਜ ਵੀ ਪੰਜਾਬ ਦੀ ਧਰਤੀ, ਇਸਦੇ ਇਤਿਹਾਸ ਤੇ ਲੋਕਾਂ ਦੀ ਮਾਨਸਕਿਤਾ 'ਤੇ ਉਹ ਨਿਸ਼ਾਨ ਬਾਕੀ ਹਨ ਜਿਹੜੇ ਕਿ, ਚੀਖ਼ ਚੀਖ਼ ਕੇ ਆਖ਼ ਰਹੇ ਹਨ ਕਿ, ਉਹਨਾਂ ਦਿਨਾਂ ਵਿੱਚ ਸਭ ਅੱਛਾ ਨਹੀਂ ਸੀ ਹੋਇਆ। 

ਸੂਝਵਾਨਾਂ ਦਾ ਮੰਨਣੈ ਕਿ, ਨਿਸ਼ਾਨ ਤਾਂ ਬੜੇ ਹਨ, ਜਿਹਨਾਂ ਨੂੰ ਜੇਕਰ, ਗਿਣਨ ਬਹਿ ਗਏ ਤਾਂ ਕਈ ਸਾਲ ਗੁਜ਼ਰ ਜਾਣਗੇ ਪਰ ਉਹਨਾਂ ਮਾੜੇ ਦਿਨਾਂ ਦੀਆਂ ਯਾਦਾਂ ਨਹੀਂ ਮੁੱਕਣੀਆਂ, ਜਿਹਨਾਂ ਨੂੰ ਕੁਝ ਸੱਚੀਆਂ ਮੰਨਦੇ ਹਨ ਤੇ ਕੁਝ ਅੱਜ ਵੀ ਉਹਨਾਂ ਤੋਂ ਮੁਨਕਰ ਹਨ।

ਆਪਾਂ ਚੱਲਦੇ ਹਾਂ ਲਗਭਗ 25 ਸਾਲ ਪਹਿਲਾਂ 13 ਅਗਸਤ, 1994 ਨੂੰ ਹੋਏ ਇੱਕ ਪੁਲਿਸ ਮੁਕਾਬਲੇ ਦੀ ਕਹਾਣੀ ਵੱਲ। ਇਹ ਉਹ ਪੁਲਿਸ ਮੁਕਾਬਲਾ ਸੀ, ਜਿਸਨੇ ਕਿ ਪਿੰਡ ਕਾਲਾ ਅਫ਼ਗਾਨਾ ਦੇ ਰਹਿਣ ਵਾਲੇ ਸੁਖ਼ਪਾਲ ਸਿੰਘ ਨਾਮਕ ਜਿਊਂਦੇ ਜਾਗਦੇ ਨੌਜਵਾਨ ਨੂੰ ਅੱਤਵਾਦੀ ਦੱਸ ਉਸਦੀ ਫ਼ੋਟੋ ਤੇ ਹਾਰ ਟੰਗ ਦਿੱਤੇ ਸਨ। ਇਲਜ਼ਾਮ ਹੈ ਕਿ, ਸੁਖ਼ਪਾਲ ਸਿੰਘ ਨੂੰ ਪੰਜਾਬ ਪੁਲਿਸ ਦੇ ਵਿਵਾਦਿਤ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਜਿਹੜੇ ਕਿ ਉਸ ਸਮੇਂ ਰੋਪੜ ਵਿੱਚ ਬਤੌਰ ਡੀ.ਐੱਸ.ਪੀ. ਤਾਇਨਾਤ ਸਨ, ਨੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। 

ਦੋਸਤੋਂ, ਪੂਰੇ 25 ਸਾਲ ਤੱਕ ਸੁਖ਼ਪਾਲ ਸਿੰਘ ਦੇ ਪੁਲਿਸ ਮੁਕਾਬਲੇ ਨਾਲ ਸਬੰਧਤ ਫ਼ਾਈਲ ਥਾਣਿਆਂ ਦੀ ਧੂਲ ਫ਼ੱਕਦੀ ਰਹੀ ਤੇ ਉਸੇ ਧੂਲ ਵਿੱਚ ਹੀ ਦਬ ਕੇ ਰਹਿ ਗਈ ਪੁਲਿਸ ਮੁਕਾਬਲੇ ਦੀ ਸੱਚਾਈ ਵੀ। ਪਰ ਜਿਵੇਂਕਿ ਕਿ ਸਿਆਣਿਆਂ ਦਾ ਕਹਿਣੈ ਕਿ, ਸੱਚਾਹੀ ਨੂੰ ਬਹੁਤੀ ਦੇਰ ਤੱਕ ਛੁਪਾਇਆ ਨਹੀਂ ਜਾ ਸਕਦਾ, ਤੇ ਉਹ ਵਕਤ ਆਉਣ ਤੇ ਆਪੇ ਸਾਹਮਣੇ ਆ ਜਾਂਦੀ ਹੈ। 

ਦੋਸਤੋਂ, 25 ਸਾਲ ਪਹਿਲਾਂ ਹੋਏ ਪੁਲਿਸ ਮੁਕਾਬਲੇ ਦੀ ਸੱਚਾਈ ਸਾਹਮਣੇ ਆਉਣ ਦਾ ਸਮਾਂ ਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਖ਼ਪਾਲ ਸਿੰਘ ਦੀ ਮੌਤ ਦੀ ਸੱਚਾਈ ਤੋਂ ਪਰਦਾ ਚੁੱਕਣ ਲਈ ਐੱਸ.ਆਈ.ਟੀ ਦਾ ਗਠਨ ਕਰ ਦਿੱਤਾ ਹੈ। ਇਸ ਜਾਂਚ ਕਮੇਟੀ ਦੇ ਮੁਖੀ ਡੀ.ਜੀ.ਪੀ. ਸਿਧਾਰਥ ਚਟੋਪਾਧਿਆ ਹੋਣਗੇ ਜਦਕਿ ਏ.ਡੀ.ਜੀ.ਪੀ. ਗੁਰਪ੍ਰੀਤ ਦਿਓ ਤੇ ਆਈ.ਜੀ.ਬੀ ਚੰਦਰ ਸ਼ੇਖਰ ਇਸ ਕਮੇਟੀ ਦੇ ਮੈਂਬਰ ਹੋਣਗੇ।

ਕਾਬਿਲ-ਏ-ਗੌਰ ਹੈ ਕਿ, 13 ਅਗਸਤ, 1994 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦਾ ਰਹਿਣ ਵਾਲਾ ਸੁਖਪਾਲ ਸਿੰਘ ਭੇਦ ਭਰੇ ਹਾਲਾਤਾਂ 'ਚ ਆਪਣੇ ਘਰੋਂ ਗਾਇਬ ਹੋ ਗਿਆ ਸੀ। ਸੁਖਪਾਲ ਦੇ ਗਾਇਬ ਹੋਣ 'ਤੇ ਉਸਦੀ ਪਤਨੀ ਦਲਬੀਰ ਕੌਰ ਨੇ ਪੁਲਿਸ ਥਾਣਿਆਂ ਦੇ ਬਥੇਰੇ ਚੱਕਰ ਮਾਰੇ ਪਰ ਕਿਸੇ ਨੇ ਵੀ ਉਸਦੀ ਬਾਤ ਨਹੀਂ ਪੁੱਛੀ ਪਰ ਬਾਵਜੂਦ ਇਸਦੇ ਉਹ ਹੌਂਸਲਾ ਨਹੀਂ ਹਾਰੀ। ਉਸਨੇ ਇਨਸਾਫ਼ ਲਈ ਆਪਣੀ ਲੜਾਈ ਜਾਰੀ ਰੱਖ਼ੀ ਤੇ ਅੱਜ ਨਤੀਜਾ ਆਪ ਸਭ ਦੇ ਸਾਹਮਣੇ ਹੈ।

ਦੋਸਤੋਂ, ਭਾਵੇਂਕਿ ਇਨਸਾਫ਼ ਦੀ ਮੰਜ਼ਲ ਅਜੇ ਬਹੁਤ ਦੂਰ ਹੈ ਪਰ, ਦਲਬੀਰ ਕੌਰ ਨੂੰ ਆਸ ਦੀ ਕਿਰਨ ਵਿਖ਼ਾਈ ਦੇਣ ਲੱਗ ਪਈ ਹੈ, ਜਿਹੜੀ ਕਿ ਉਸਨੂੰ 25 ਸਾਲ ਪਹਿਲਾਂ ਹੀ ਵਿਖ਼ਾਈ ਦੇਣੀ ਚਾਹੀਦੀ ਸੀ। ਭਾਵੇਂ ਕਿ ਦੇਰੀ ਨਾਲ ਮਿਲਿਆ ਇਨਸਾਫ਼, ਇਨਸਾਫ਼ ਨਹੀਂ ਰਹਿ ਜਾਂਦਾ ਪਰ ਦਲਬੀਰ ਕੌਰ ਨੂੰ ਅੱਜ ਵੀ ਆਸ ਹੈ ਕਿ, ਅਦਾਲਤ ਉਸਨੂੰ ਇਨਸਾਫ਼ ਜ਼ਰੂਰ ਦੇਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।