ਵੋਟਿੰਗ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਂਦੀ ਹੈ ਵੀਵੀਪੈਟ ਤਕਨੀਕ

Last Updated: Apr 23 2019 12:26
Reading time: 2 mins, 16 secs

ਭਾਰਤੀ ਚੋਣ ਕਮਿਸ਼ਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ਨਾਲ ਚੋਣਾਂ ਕਰਵਾਏ ਜਾਣ ਨੂੰ ਹੋਰ ਵੀ ਪਾਰਦਰਸ਼ੀ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਚੋਣਾਂ ਦੌਰਾਨ ਈ.ਵੀ.ਐਮ ਦੇ ਨਾਲ ਵੀ.ਵੀ.ਪੈਟ ਦੀ ਵਰਤੋਂ ਵੀ ਇੱਕ ਅਜਿਹਾ ਕਦਮ ਹੈ ਜਿਸ ਨਾਲ ਮਤਦਾਤਾਵਾਂ ਦਾ ਭਰੋਸਾ ਚੋਣ ਪ੍ਰਕਿਰਿਆ 'ਤੇ ਹੋਰ ਵੀ ਜਿਆਦਾ ਵਧੇਗਾ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਪਾਤਰਤਾ ਵੀ ਵਧੇਗੀ। ਇਹ ਮੰਨਿਆ ਜਾ ਸਕਦਾ ਹੈ ਕਿ ਇਸ ਦੇ ਅਸਰ ਨਾਲ ਚੋਣ ਪ੍ਰਤੀਸ਼ਤ ਵਿੱਚ ਵੀ ਵਾਧਾ ਹੋਵੇਗਾ। ਜਿਆਦਾ ਜਗਾ 'ਤੇ ਚੋਣਾਂ ਵਾਸਤੇ ਅਜੇ ਵੀ.ਵੀ.ਪੈਟ ਦਾ ਇਸਤਿਮਾਲ ਨਹੀਂ ਹੋਇਆ ਹੈ, ਇਸ ਲਈ ਵੀਵੀਪੈਟ ਕੀ ਹੈ ਅਤੇ ਇਹ ਕਿਸ ਤਰਾਂ ਨਾਲ ਕੰਮ ਕਰਦੀ ਹੈ, ਇਹ ਸਵਾਲ ਲੋਕਾਂ ਵਿੱਚ ਅੱਜ ਕੱਲ ਆਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਟਾਲਾ ਦੇ ਮਾਸਟਰ ਟਰੇਨਰ ਲੈਕਚਰਾਰ ਜਸਬੀਰ ਸਿੰਘ ਨੇ ਇਸ ਲੇਖ ਰਾਹੀਂ ਲੋਕਾਂ ਤੱਕ ਇਸ ਬਾਰੇ ਜਾਣਕਾਰੀ ਪਹੁੰਚਾਉਣ ਦਾ ਇੱਕ ਉਪਰਾਲਾ ਹੈ।

ਮਾਸਟਰ ਟਰੇਨਰ ਜਸਬੀਰ ਸਿੰਘ ਨੇ ਦੱਸਿਆ ਕਿ ਵੀ.ਵੀ.ਪੈਟ (ਵੋਟਰ ਵੇਰੀਫਾਏਬਲ ਪੇਪਰ ਆਡਿਟ ਟ੍ਰੇਲ) ਇੱਕ ਅਜਿਹਾ ਸਿਸਟਮ ਹੈ ਜਿਸ ਨਾਲ ਮਤਦਾਤਾ ਪੇਪਰ ਸਲਿਪ ਦੇ ਰੂਪ ਵਿੱਚ ਆਪਣੇ ਵੱਲੋਂ ਪਾਏ ਗਏ ਮਤ ਦੀ ਪੁਸ਼ਟੀ ਕਰ ਸਕਦਾ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਚੋਣਾਂ ਲਈ ਵਰਤੀ ਜਾਣ ਵਾਲੀ ਈ.ਵੀ.ਐਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਦੇ ਹੁਣ ਤਿੰਨ ਹਿੱਸੇ ਹੋਣਗੇ। ਪਹਿਲਾ ਕੰਟ੍ਰੋਲ ਯੂਨਿਟ ਜੋ ਕਿ ਮੌਕੇ ਦੇ ਪ੍ਰੀਜ਼ਾਈਡਿੰਗ ਅਫ਼ਸਰ ਕੋਲ ਰੱਖਿਆ ਜਾਂਦਾ ਹੈ, ਦੂਸਰਾ ਬੈਲਟ ਯੂਨਿਟ ਜੋ ਕਿ ਵੋਟਿੰਗ ਕੰਪਾਰਟਮੈਂਟ ਵਿੱਚ ਰੱਖਿਆ ਜਾਂਦਾ ਹੈ ਅਤੇ ਤੀਸਰਾ ਵੀ.ਵੀ.ਪੈਟ ਹੈ। 

ਚੋਣਾਂ ਦੌਰਾਨ ਵੀਵੀਪੈਟ ਵੋਟਿੰਗ ਕੰਪਾਰਟਮੈਂਟ ਵਿੱਚ ਬੈਲਟ ਯੂਨਿਟ ਦੇ ਨਾਲ ਇਸ ਤਰਾਂ ਰੱਖਿਆ ਜਾਂਦਾ ਹੈ ਕਿ ਬੈਲਟ ਬਟਨ ਦਬਾੳਣ ਸਮੇਂ ਮਤਦਾਤਾ ਦੀ ਨਜ਼ਰ ਨਾਲ ਪਈ ਹੋਈ ਵੀਵੀਪੈਟ ਦੀ ਸਕਰੀਨ 'ਤੇ ਪਏ। ਚੋਣਾਂ ਦੀ ਗੋਪਨੀਅਤਾ ਨੂੰ ਬਰਕਰਾਰ ਰੱਖਣ ਲਈ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਕਿ ਮਤਦਾਤਾ ਤੋਂ ਇਲਾਵਾ ਕੋਈ ਹੋਰ ਇਸ ਨੂੰ ਨਾ ਦੇਖ ਸਕੇ। ਆਪਣੀ ਵੋਟ ਪਾਉਣ ਵੇਲੇ ਮਤਦਾਤਾ ਜਦੋਂ ਬੈਲਟ ਬਟਨ ਦਬਾਉਂਦਾ ਹੈ ਤਾਂ ਵੀਵੀਪੈਟ ਤੁਰੰਤ ਹਰਕਤ ਵਿੱਚ ਆ ਜਾਂਦੀ ਹੈ। ਉਸ ਦੀ ਸਕਰੀਨ ਦੇ ਅੰਦਰ ਬੱਤੀ ਜੱਗਦੀ ਹੈ ਅਤੇ ਉਸ ਅੰਦਰ ਇੱਕ ਪਰਚੀ ਛੱਪ ਕੇ ਦਿੱਖਣ ਲਗ ਜਾਂਦੀ ਹੈ। ਇਸ ਪਰਚੀ ਉੱਪਰ ਮਤਦਾਤਾ ਵੱਲੋਂ ਚੁਣੇ ਗਏ ਉਮੀਦਵਾਰ ਦਾ ਨਾਂ, ਲੜੀ ਨੰਬਰ ਅਤੇ ਚੋਣ ਨਿਸ਼ਾਨ ਛਪਿਆ ਹੁੰਦਾ ਹੈ। ਇਸ ਨੂੰ ਦੇਖ ਕੇ ਮਤਦਾਤਾ ਨੂੰ ਇਹ ਸੁਨਿਸ਼ਚਿਤ ਹੋ ਜਾਂਦਾ ਹੈ ਕਿ ਜਿਸ ਉਮੀਦਵਾਰ ਦੇ ਹੱਕ ਵਿੱਚ ਉਸਨੇ ਵੋਟ ਪਾਈ ਹੈ, ਉਹ ਵੋਟ ਉਸ ਨੂੰ ਹੀ ਪਈ ਹੈ। ਮਾਸਟਰ ਟਰੇਨਰ ਜਸਬੀਰ ਸਿੰਘ ਨੇ ਦੱਸਿਆ ਕਿ ਸੱਤ ਸੈਕਿੰਡ ਦਿੱਖਣ ਤੋਂ ਬਾਅਦ ਆਪਣੇ ਆਪ ਹੀ ਇਹ ਪਰਚੀ ਕੱਟਕੇ ਥੱਲੇ ਬਣੇ ਡਰਾਪ ਬਾਕਸ ਵਿੱਚ ਡਿੱਗ ਜਾਂਦੀ ਹੈ। ਇਹ ਡਰਾਪ ਬਾਕਸ ਪਹਿਲਾਂ ਹੀ ਚੋਣ ਅਧਿਕਾਰੀਆਂ ਵੱਲੋਂ ਸੀਲ ਕੀਤਾ ਗਿਆ ਹੁੰਦਾ ਹੈ। ਜਿਕਰਯੋਗ ਹੈ ਕਿ ਮਤਦਾਤਾ ਇਸ ਪਰਚੀ ਨੂੰ ਸਿਰਫ ਸਕਰੀਨ ਅੰਦਰ ਦੇਖ ਹੀ ਸਕਦਾ ਹੈ ਅਤੇ ਕਿਸੇ ਵੀ ਤਰਾਂ ਪਰਚੀ ਤਕ ਪਹੁੰਚ ਨਹੀਂ ਕਰ ਸਕਦਾ। ਪਰਚੀ ਦੇ ਡਰਾਪ ਬਾਕਸ ਵਿੱਚ ਡਿੱਗਣ ਤੋਂ ਬਾਅਦ ਬੀਪ ਦੀ ਅਵਾਜ਼ ਹੁੰਦੀ ਹੈ ਅਤੇ ਇਸ ਤਰਾਂ ਵੋਟ ਪਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਭਾਰਤੀ ਚੋਣ ਕਮੀਸ਼ਨ ਦੀ ਵੈਬ ਸਾਈਟ ਤੋਂ ਲਈ ਜਾ ਸਕਦੀ ਹੈ।