ਪੋਲਿੰਗ ਸਟਾਫ਼ ਨੂੰ ਚੋਣ ਪ੍ਰਕਿਰਿਆ ਤੇ ਈਵੀਐਮ ਮਸ਼ੀਨਾਂ ਸਬੰਧੀ ਦਿੱਤੀ ਗਈ ਵਿਸ਼ੇਸ਼ ਟਰੇਨਿੰਗ

Last Updated: Apr 21 2019 18:08
Reading time: 1 min, 2 secs

ਸੂਬੇ 'ਚ ਆਉਂਦੀ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜ੍ਹਨ ਅਤੇ ਚੋਣ ਪ੍ਰਕਿਰਿਆ ਸੰਪੰਨ ਕਰਵਾਉਣ ਵਾਲੇ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਹੋਰ ਚੋਣ ਅਧਿਕਾਰੀਆਂ ਤੇ ਪੋਲਿੰਗ ਸਟਾਫ਼ ਨੂੰ ਤਕਨੀਕੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਖਰੜ, ਐਸਏਐਸ ਨਗਰ ਅਤੇ ਡੇਰਾਬਸੀ ਵਿਧਾਨ ਸਭਾ ਹਲਕਿਆਂ 'ਚ ਪੋਲਿੰਗ ਸਟਾਫ਼ ਨੂੰ ਚੋਣ ਅਧਿਕਾਰੀਆਂ ਵੱਲੋਂ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਸਬੰਧੀ ਸਿਖਲਾਈ ਦਿੱਤੀ ਗਈ।

ਇਸ ਮੌਕੇ ਫ਼ੇਜ਼-3ਬੀ1 ਦੇ ਸਰਕਾਰੀ ਸਕੂਲ ਵਿੱਚ ਆਯੋਜਿਤ ਕੀਤੇ ਗਏ ਟਰੇਨਿੰਗ ਵਰਕਸ਼ਾਪ 'ਚ ਐਸਡੀਐਮ ਜਗਦੀਪ ਸਹਿਗਲ ਦੀ ਅਗਵਾਈ ਹੇਠ ਪੋਲਿੰਗ ਸਟਾਫ਼ ਨੂੰ ਇਹ ਸਿਖਲਾਈ ਦਿੱਤੀ ਗਈ, ਜਿਸ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰਾਂ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਈ.ਵੀ.ਐਮ ਤੇ ਵੀ.ਵੀ ਪੈਟ ਮਸ਼ੀਨਾਂ ਦੀ ਕਾਰਜਪ੍ਰਣਾਲੀ ਅਤੇ ਪੋਲਿੰਗ ਤੋਂ ਬਾਅਦ ਇਨ੍ਹਾਂ ਦੀ ਸਾਂਭ-ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਐਸਡੀਐਮ ਜਗਦੀਪ ਸਹਿਗਲ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੇ 50-50 ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਇਹ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਾਰੇ ਲੋੜੀਂਦੇ ਫਾਰਮ ਭਰਨ ਸਬੰਧੀ ਵੀ ਦੱਸਿਆ ਗਿਆ ਤਾਂ ਕਿ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ 'ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਡੇਰਾ ਬੱਸੀ ਤੇ ਖਰੜ ਵਿਧਾਨ ਸਭਾ ਹਲਕਿਆਂ ਵਿੱਚ ਵੀ ਪੋਲਿੰਗ ਸਟਾਫ਼ ਨੂੰ ਅੱਜ ਸਿਖਲਾਈ ਦਿੱਤੀ ਗਈ। ਉਨ੍ਹਾਂ ਪੋਲਿੰਗ ਸਟਾਫ਼ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।