ਡੇਂਗੂ ਖ਼ਿਲਾਫ਼ ਅਭਿਆਨ ਸ਼ੁਰੂ!!

Last Updated: Apr 18 2019 17:08
Reading time: 0 mins, 59 secs

ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਫੈਲਣ ਵਾਲੀ ਵੈਕਟਰ ਵੋਰਨ ਬਿਮਾਰੀਆਂ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਇਸ ਵਾਰ ਪਹਿਲਾਂ ਤੋਂ ਹੀ ਸੁਚੇਤ ਹੋ ਕੇ ਚੱਲ ਰਿਹਾ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੇਂਗੂ ਦੇ ਸਬੰਧ 'ਚ ਤਿਆਰੀਆਂ ਲਈ ਮੀਟਿੰਗ ਕੀਤੀ ਗਈ। ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀਮਤੀ ਇਸ਼ਮਤ ਵਿਜੈ ਸਿੰਘ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਕੀਤੀ ਗਈ। ਉਹਨਾਂ ਕਿਹਾ ਕਿ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਸਾਡਾ ਫਰਜ਼ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਡੇਂਗੂ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ ਡੇਂਗੂ ਦੇ ਫੈਲਣ ਤੋਂ ਪਹਿਲਾਂ ਹੀ ਇਸ ਦੀ ਰੋਕਥਾਮ ਕੀਤੀ ਜਾਵੇ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਡੇਂਗੂ ਦੇ ਖਾਤਮੇ ਲਈ ਸਿਹਤ ਵਿਭਾਗ ਨੇ ਇਸ ਵਾਰ ਸੋਸ਼ਲ ਮੀਡੀਆ ਦੀ ਮਦਦ ਵੀ ਲਈ ਹੈ ਅਤੇ ਫੇਸਬੁੱਕ ਤੇ ਸਿਹਤ ਵਿਭਾਗ ਪਟਿਆਲਾ ਦੇ ਨਾਮ ਤੇ ਪੇਜ ਵੀ ਬਣਾਇਆ ਹੈ। ਇਸ ਪੇਜ ਤੇ ਡੇਂਗੂ ਦੇ ਬਚਾਅ, ਲੱਛਣ, ਸਾਵਧਾਨੀਆਂ, ਇਲਾਜ ਤੇ  ਪ੍ਰਸ਼ਾਸਨ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਤੋਂ ਇਲਾਵਾ ਆਮ ਜਨਤਾ ਵੱਲੋਂ ਦਿੱਤੀ ਜਾਣ ਵਾਲੀ ਫੀਡ ਬੈਕ ਪ੍ਰਾਪਤ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ।