ਢਾਈ ਮਹੀਨੇ ਬਾਅਦ ਪਠਾਨਕੋਟ ਤੋਂ ਜੋਗਿੰਦਰ ਨਗਰ ਰੇਲ ਸੇਵਾ ਹੋਈ ਬਹਾਲ

Last Updated: Apr 18 2019 16:49
Reading time: 1 min, 4 secs

ਕਰੀਬ ਢਾਈ ਮਹੀਨੇ ਬਾਅਦ ਪਠਾਨਕੋਟ ਤੋਂ ਜੋਗਿੰਦਰ ਨਗਰ ਨੂੰ ਜਾਨ ਵਾਲੀ ਟਰੇਨ ਦਾ ਟ੍ਰੈਕ ਬਹਾਲ ਕਰ ਦਿੱਤਾ ਗਿਆ ਹੈ। 6 ਫਰਵਰੀ ਨੂੰ ਹਿਮਾਚਲ ਦੇ ਕੋਪਲਾਹੜ ਨੇੜੇ ਟ੍ਰੈਕ ਧੱਸ ਜਾਣ ਦੀ ਵਜ੍ਹਾ ਨਾਲ ਰੇਲ ਸੇਵਾ ਬੰਦ ਹੋ ਗਈ ਸੀ। ਜਿਸਦੇ ਚਲਦੇ ਰੇਲਵੇ ਵਿਭਾਗ ਵੱਲੋਂ ਪਠਾਨਕੋਟ ਤੋਂ ਜਵਾਲਾਮੁਖੀ ਰੋਡ ਤੱਕ ਸਿਰਫ਼ 3 ਟ੍ਰੇਨਾਂ ਚਲਾਈਆਂ ਜਾ ਰਹੀਆਂ ਸਨ। ਵਿਭਾਗੀ ਅਧਿਕਾਰੀਆਂ ਮੁਤਾਬਿਕ ਮੌਸਮ ਖ਼ਰਾਬ ਹੋਣ ਦੀ ਵਜ੍ਹਾ ਨਾਲ ਮੁਕੰਮਲ ਰੇਲ ਸੇਵਾ ਮੁਸਾਫ਼ਰਾਂ ਨੂੰ ਦੇਣ ਦੇ ਲਈ ਅਜੇ 2 ਤੋਂ 3 ਦਿਨ ਲੱਗ ਸਕਦੇ ਹਨ। ਇਸ ਤੋਂ ਪਹਿਲਾਂ ਰੇਲਵੇ ਦੇ ਇੰਜੀਨੀਅਰ ਵਿਭਾਗ ਨੇ ਢਾਈ ਮਹੀਨੇ ਤੋਂ ਬੰਦ ਪਏ ਟ੍ਰੈਕ ਨੂੰ ਫਿੱਟ ਐਲਾਨ ਦਿੱਤਾ ਸੀ। ਰੇਲਵੇ ਟ੍ਰੈਕ ਦੇ ਬਹਾਲ ਹੋਣ ਦੇ ਬਾਅਦ ਮੁਸਾਫ਼ਰਾਂ ਦੇ ਨਾਲ-ਨਾਲ ਵਪਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਸੀ।

ਇਸ ਸਬੰਧੀ ਜਦ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੰਦ ਪਏ ਨੈਰੋਗੇਜ ਟ੍ਰੈਕ ਦੇ ਜੋਗਿੰਦਰ ਨਗਰ ਤੱਕ ਬਹਾਲ ਹੋਣ ਦੇ ਬਾਅਦ ਉਨ੍ਹਾਂ ਨੂੰ ਰਾਹਤ ਮਿਲੀ ਹੈ ਹਾਲਾਂਕਿ ਵਿਭਾਗ ਵੱਲੋਂ ਸਵੇਰੇ 4 ਵਜੇ ਚੱਲਣ ਵਾਲੀ ਟਰੇਨ ਅਤੇ ਇਸ ਦੇ ਨਾਲ ਹੀ 9 ਵਜੇ ਚੱਲਣ ਵਾਲੀ ਸੁਪਰ ਐਕਸਪ੍ਰੈੱਸ ਟਰੇਨ ਅਤੇ ਦੁਪਹਿਰ 3.20 ਵਜੇ ਚੱਲਣ ਵਾਲੀ ਟਰੇਨ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਵਜ੍ਹਾ ਨਾਲ ਮੁਸਾਫ਼ਰਾਂ 'ਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਜੋ ਟ੍ਰੇਨਾਂ ਰੱਦ ਹਨ ਉਨ੍ਹਾਂ ਨੂੰ ਵੀ ਫ਼ਿਰੋਜ਼ਪੁਰ ਮੰਡਲ ਵੱਲੋਂ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।