ਰਾਣੇ ਸੋਢੀ ਨੂੰ ਟਿਕਟ ਦਵਾਉਣ ਲਈ ਖੱਤਰੀ ਸਭਾ ਨੇ ਕੀਤੀ ਰਾਹੁਲ ਨੂੰ ਸਿਫਾਰਸ਼!!!

Last Updated: Apr 18 2019 16:31

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਲ ਇੰਡੀਆ ਖੱਤਰੀ ਸਭਾ ਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਪਰਿਵਾਰ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਬਣਾਉਨ ਲਈ ਪੁਰਜ਼ੋਰ ਸਿਫਾਰਸ਼ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਉਨ੍ਹਾਂ ਦੀ ਸਭਾ ਵੱਲੋਂ ਮਤਾ ਪਾਸ ਕਰਕੇ ਰਾਣੇ ਸੋਢੀ ਦੇ ਪਰਿਵਾਰ ਨੂੰ ਟਿਕਟ ਦੇਣ ਸਬੰਧੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਮਰਥਣ ਭੇਜਿਆ ਹੈ।

ਨਰੇਸ਼ ਸਹਿਗਲ ਪ੍ਰਧਾਨ ਨੇ ਆਪਣੇ ਭੇਜੇ ਗਏ ਪੱਤਰ ਅਤੇ ਨਿੱਜੀ ਤੌਰ 'ਤੇ ਮਿਲ ਕੇ ਸਪਸ਼ਟ ਕੀਤਾ ਹੈ ਕਿ ਰਾਣਾ ਸੋਢੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਟਿਕਟ ਦੇਣ 'ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਲੀਡ ਨਾਲ ਕਾਂਗਰਸ ਜਿੱਤੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਪੰਜਾਬ 17 ਲੱਖ ਤੋਂ ਉੱਪਰ ਆਲ ਇੰਡੀਆ ਖੱਤਰੀ ਸਭਾ ਅਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਮੈਂਬਰ ਹਨ, ਉੱਥੇ ਇਕੱਲੇ ਫਿਰੋਜ਼ਪੁਰ ਹਲਕੇ ਵਿੱਚ 80 ਹਜ਼ਾਰ ਦੇ ਕਰੀਬ ਮੈਂਬਰ ਹਨ। ਖੱਤਰੀ ਸਭਾ ਦੇ ਹੋਰਨਾਂ ਆਗੂਆਂ ਨੇ ਲੋਕ ਸਭਾ ਇਲੈਕਸ਼ਨ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ।