ਸੁਖਬੀਰ ਬਾਦਲ ਨੂੰ ਇੱਕ ਮਾਤਰ ਹਾਰ ਦੇਣ ਵਾਲਾ ਬੰਦਾ ਹੁਣ ਉਨ੍ਹਾਂ ਦੇ ਹੀ ਥੱਲੇ ਕੰਮ ਕਰੇਗਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 18 2019 15:06

ਸੁਖਬੀਰ ਸਿੰਘ ਬਾਦਲ ਦੇ ਸਿਆਸੀ ਜੀਵਨ ਦੀ ਇੱਕ ਮਾਤਰ ਹਾਰ ਉਨ੍ਹਾਂ ਨੂੰ ਦੇਣ ਵਾਲਾ ਇਨਸਾਨ ਜਗਮੀਤ ਸਿੰਘ ਬਰਾੜ ਹੁਣ ਖੁਦ ਬਾਦਲ ਦੇ ਅਧੀਨ ਕੰਮ ਕਰੇਗਾ। ਇਹੀ ਰਾਜਨੀਤੀ ਹੈ ਅਤੇ ਸ਼ਾਇਦ ਇਹੀ ਸੁਖਬੀਰ ਸਿੰਘ ਬਾਦਲ ਦੀ ਦੋ ਦਹਾਕੇ ਪੁਰਾਣੀ ਹਾਰ ਦਾ ਸਭ ਤੋਂ ਬਿਹਤਰ ਬਦਲਾ ਵੀ ਹੈ। ਜ਼ਿਕਰਯੋਗ ਹੈ ਕਿ 1999 ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਉਸ ਸਮੇਂ ਬਾਦਲਾਂ ਦੇ ਜੱਦੀ ਲੋਕ ਸਭਾ ਹਲਕੇ ਫਰੀਦਕੋਟ ਤੋਂ ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਕਾਂਗਰਸੀ ਉਮੀਦਵਾਰ ਜਗਮੀਤ ਸਿੰਘ ਬਰਾੜ ਦੀ ਸਿਆਸਤ ਦੋ ਦਹਾਕੇ ਬਾਅਦ ਬਿਲਕੁਲ ਥੱਲੇ ਹੈ ਅਤੇ ਸੁਖਬੀਰ ਸਿੰਘ ਬਾਦਲ ਹੁਣ ਉਸੇ ਅਕਾਲੀ ਦਲ ਦੇ ਪ੍ਰਧਾਨ ਹਨ ਜਿਸ ਵਿੱਚ ਕਿ ਜਗਮੀਤ ਬਰਾੜ ਨੇ ਸ਼ਾਮਿਲ ਹੋਣਾ ਹੈ।

ਸੁਖਬੀਰ ਬਾਦਲ ਨੂੰ ਹਰਾਉਣ ਦੇ ਬਾਅਦ ਜਗਮੀਤ ਸਿੰਘ ਬਰਾੜ ਨੂੰ ਆਪਣੇ ਕੀਤੇ ਕੰਮਾਂ ਦੇ ਲਈ ਆਵਾਜ਼-ਏ-ਪੰਜਾਬ ਕਿਹਾ ਜਾਣ ਲੱਗਿਆ ਸੀ ਅਤੇ ਸੁਖਬੀਰ ਸਿੰਘ ਬਾਦਲ ਦੇ ਲਈ ਸ਼ੁਰੂਆਤੀ ਦੌਰ ਵਿੱਚ ਹੀ ਆਈ ਇਹ ਹਾਰ ਨੇ ਉਨ੍ਹਾਂ ਦੇ ਸਿਆਸੀ ਜੀਵਨ ਤੇ ਸਵਾਲ ਖੜੇ ਕਰ ਦਿੱਤੇ ਸਨ। ਪਰ ਸਮੇਂ ਦਾ ਖੇਡ ਅਜਿਹਾ ਹੈ ਕਿ ਇਸਦੇ ਬਾਅਦ 2004 ਵਿੱਚ ਸੁਖਬੀਰ ਬਾਦਲ ਫਰੀਦਕੋਟ ਤੋਂ ਜਿੱਤੇ ਅਤੇ ਹਲਕਾ ਬਦਲ ਕੇ ਫਿਰੋਜ਼ਪੁਰ ਜਾਣ ਵਾਲੇ ਜਗਮੀਤ ਬਰਾੜ ਆਪਣੀ ਚੋਣ ਹਾਰ ਗਏ। ਦੇਖਿਆ ਜਾਵੇ ਤਾਂ 1999 ਦੀ ਉਹ ਇਤਿਹਾਸਿਕ ਚੋਣ ਦੇ ਵਿੱਚ ਜਗਮੀਤ ਬਰਾੜ ਨੂੰ ਮਿਲੀ ਜਿੱਤ ਉਨ੍ਹਾਂ ਦੀ ਹੁਣ ਤੱਕ ਦੀ ਆਖਰੀ ਜਿੱਤ ਸੀ ਅਤੇ ਸੁਖਬੀਰ ਬਾਦਲ ਦੀ ਉਹ ਹੁਣ ਤੱਕ ਦੀ ਇੱਕ ਮਾਤਰ ਹਾਰ ਸੀ। ਇਸ ਜਿੱਤ ਦੇ ਬਾਅਦ ਜਗਮੀਤ ਸਿੰਘ ਬਰਾੜ 2004 ਅਤੇ 2009 ਵਿੱਚ ਫਿਰੋਜ਼ਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਅਕਾਲੀ ਦਲ ਕੋਲੋਂ ਹਾਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫਿਰੋਜ਼ਪੁਰ ਵਿੱਚ 1989 ਵਿੱਚ ਪਹਿਲਾਂ ਵੀ ਇੱਕ ਵਾਰ ਹਾਰ ਚੁੱਕੇ ਹਨ।

ਜੇਕਰ ਅੱਜ ਦੇ ਸਿਆਸੀ ਸਮੀਕਰਨ ਦੇਖੇ ਜਾਣ ਤਾਂ ਜਗਮੀਤ ਸਿੰਘ ਬਰਾੜ ਦਾ ਅਕਾਲੀ ਦਲ ਵਿੱਚ ਆਉਣਾ ਉਨ੍ਹਾਂ ਦੀ ਫਿਰੋਜ਼ਪੁਰ ਤੋਂ ਉਮੀਦਵਾਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਅਤੇ ਅਜਿਹੇ ਵਿੱਚ ਇੱਥੋਂ ਪਹਿਲਾਂ ਹੀ ਤਿੰਨ ਵਾਰ ਹਾਰਨ ਵਾਲੇ ਜਗਮੀਤ ਬਰਾੜ ਲਈ ਹੁਣ ਆਪਣੇ ਡਿੱਗੇ ਹੋਏ ਸਿਆਸੀ ਕਰੀਅਰ ਅਤੇ ਅਕਾਲੀ ਦਲ ਦੇ ਕਮਜ਼ੋਰ ਹਾਲਾਤਾਂ ਵਿੱਚ ਜਿੱਤ ਹਾਸਿਲ ਕਰਨਾ ਕੋਈ ਆਸਾਨ ਕੰਮ ਨਹੀਂ ਜਾਪਦਾ। ਹੁਣ ਦੇਖਣਯੋਗ ਹੋਵੇਗਾ ਕਿ ਫਿਰੋਜ਼ਪੁਰ ਦੇ ਲੋਕ ਚੌਥੀ ਵਾਰ ਇੱਥੇ ਆਏ ਜਗਮੀਤ ਬਰਾੜ ਨੂੰ ਕੀ ਨਤੀਜਾ ਦੇ ਕੇ ਤੋਰਦੇ ਹਨ। ਜਗਮੀਤ ਬਰਾੜ ਜੇਕਰ ਜਿੱਤ ਜਾਂਦੇ ਹਨ ਤਾਂ ਉਹ ਅਕਾਲੀ ਦਲ ਅਤੇ ਆਪਣੇ ਲਈ ਇੱਕ ਵੱਡੀ ਕਾਮਯਾਬੀ ਦੀ ਇਬਾਰਤ ਲਿਖਣਗੇ ਪਰ ਜੇਕਰ ਉਹ ਹਾਰ ਜਾਂਦੇ ਹਨ ਤਾਂ ਅਕਾਲੀ ਦਲ ਅਤੇ ਜਗਮੀਤ ਬਰਾੜ ਦੋਵਾਂ ਦੇ ਇਸ ਫੈਸਲੇ ਤੇ ਸਵਾਲ ਜ਼ਰੂਰ ਚੁੱਕੇ ਜਾਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।