ਰਣੀਕੇ ਨੂੰ ਲੋਕਾਂ ਨੇ ਦਿਖਾਏ ਕਾਲੇ ਝੰਡੇ, ਵੱਡੇ ਬਾਦਲ ਸਾਹਿਬ ਕਹਿੰਦੇ ਵੋਟ ਭਾਵੇਂ ਨਾ ਦਿਓ ਪਰ ਇਹ ਕੰਮ ਨਾ ਕਰੋ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 18 2019 13:43

ਲੋਕ ਸਭਾ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੂੰ ਚੋਣ ਪ੍ਰਚਾਰ ਦੌਰਾਨ ਕਾਲੀਆਂ ਝੰਡੀਆਂ ਨਾਲ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਨਜ਼ਦੀਕੀ ਪਿੰਡ ਕੋਟਸੁਖੀਆ ਦੇ ਵਿੱਚ ਪ੍ਰਚਾਰ ਲਈ ਪਹੁੰਚੇ ਰਣੀਕੇ ਨੂੰ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਜ਼ਾਹਿਰ ਕੀਤਾ। ਜਾਣਕਾਰੀ ਅਨੁਸਾਰ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਕਾਲੀ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਘਟਨਾਵਾਂ ਦੇ ਵਿਰੋਧ ਵਿੱਚ ਰਣੀਕੇ ਦਾ ਵਿਰੋਧ ਕਰ ਰਹੇ ਸਨ। ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕੇ ਲੋਕਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਦੇਣੀ ਤਾਂ ਨਾ ਦੇਣ ਪਰ ਇਸ ਤਰ੍ਹਾਂ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨਾ ਗ਼ਲਤ ਹੈ। ਬਾਦਲ ਨੇ ਕਿਹਾ ਕੇ ਬੇਅਦਬੀ ਮਾਮਲਿਆਂ ਵਿੱਚ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਇਹੀ ਝੂਠਾ ਪ੍ਰਚਾਰ ਲੋਕਾਂ ਦੇ ਦਿਲ ਵਿੱਚ ਘਰ ਕਰ ਗਿਆ ਹੈ। ਜ਼ਿਕਰਯੋਗ ਹੈ ਕੇ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਸਾਰੇ ਹੀ ਫਰੀਦਕੋਟ ਲੋਕ ਸਭਾ ਹਲਕੇ ਦਾ ਹਿੱਸਾ ਹਨ।