ਰਾਜਾ ਵੜਿੰਗ ਦੇ ਸ਼ਮਸ਼ਾਨਘਾਟ ਵਾਲੇ ਬਿਆਨ ਤੇ ਅਕਾਲੀ ਦਲ ਕਰੇਗਾ ਚੋਣ ਕਮਿਸ਼ਨ ਨੂੰ ਸ਼ਿਕਾਇਤ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 18 2019 13:02

ਹਲਕਾ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨੀਂ ਦਿੱਤੇ ਸ਼ਮਸ਼ਾਨਘਾਟ ਵਾਲੇ ਵਿਵਾਦਿਤ ਬਿਆਨ ਤੇ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਇਸ ਬਿਆਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸਦੇ ਖ਼ਿਲਾਫ਼ ਉਹ ਚੋਣ ਕਮਿਸ਼ਨ ਕੋਲ ਪਹੁੰਚ ਕਰ ਵੜਿੰਗ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਗਿੱਦੜਬਾਹਾ ਹਲਕੇ ਵਿੱਚ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਪ੍ਰਚਾਰ ਕਰਨ ਸਮੇਂ ਵੜਿੰਗ ਨੇ ਬਿਆਨ ਦਿੱਤਾ ਸੀ ਕਿ ਮੇਰਾ ਭਾਵੇਂ ਇੱਕ ਪਿੰਡ 'ਚ ਸ਼ਮਸ਼ਾਨਘਾਟ ਤੇ 10 ਲੱਖ ਲੱਗਜੇ ਪਰ ਇਹੋ ਜਿਹੇ ਸੋਹਣੇ ਸ਼ਮਸ਼ਾਨਘਾਟ ਬਣਾਉਣੇ ਪਿੰਡਾਂ ਵਿੱਚ ਕਿ 80 ਸਾਲ ਤੋਂ ਉੱਤੇ ਵਾਲੇ ਬਜ਼ੁਰਗਾਂ ਦਾ ਖੁਦ ਮਰਨ ਨੂੰ ਜੀ ਕਰਨਾ। ਇਸ ਵਿਵਾਦਿਤ ਬਿਆਨ ਦੇ ਬਾਅਦ ਵੜਿੰਗ ਦੀ ਹਰ ਪਾਸੇ ਤੋਂ ਆਲੋਚਨਾ ਹੋ ਰਹੀ ਹੈ ਅਤੇ ਭਗਵੰਤ ਮਾਨ ਦੇ ਵੱਲੋਂ ਇਸਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਾਂਗਰਸ ਦੀ ਲੋਕਾਂ ਨੂੰ ਮਾਰਨ ਵਾਲੀ ਸੋਚ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵੜਿੰਗ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਿਤ ਬਿਆਨ ਦੇ ਚੁੱਕੇ ਹਨ।