ਭੇਦਭਰੇ ਹਾਲਾਤ 'ਚ ਗਾਇਬ ਹੋਇਆ ਨੌਜਵਾਨ ਸਾਲਾਸਰ ਧਾਮ ਰਾਜਸਥਾਨ 'ਚ ਦਿਖਿਆ

Last Updated: Apr 16 2019 18:54
Reading time: 1 min, 48 secs

ਸੈਰ ਕਰਨ ਲਈ ਘਰੋ ਨਿਕਲਣ ਦੇ ਬਾਦ ਭੇਦਭਰੇ ਹਾਲਾਤ ਚ ਮਲੇਰਕੋਟਲਾ ਰੋਡ ਇਲਾਕੇ ਚੋਂ ਗਾਇਬ ਹੋਏ ਨੌਜਵਾਨ ਕਾਰੋਬਾਰੀ ਵਰਿੰਦਰ ਮੈਨਰੋ ਨੂੰ ਸੋਮਵਾਰ ਸ਼ਾਮ ਰਾਜਸਥਾਨ ਸਥਿਤ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਚ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਗਾਇਬ ਹੋਏ ਨੌਜਵਾਨ ਨੂੰ ਸਾਲਾਸਰ ਧਾਮ ਚ ਦੇਖੇ ਜਾਣ ਸੰਬੰਧੀ ਸੂਚਨਾ ਮਿਲਣ ਦੇ ਬਾਦ ਵਰਿੰਦਰ ਮੈਨਰੋ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਸੋਮਵਾਰ ਸ਼ਾਮ ਨੂੰ ਹੀ ਗੱਡੀ ਚ ਸਾਲਾਸਰ ਧਾਮ (ਰਾਜਸਥਾਨ) ਲਈ ਰਵਾਨਾ ਹੋ ਗਏ। ਪਰਿਵਾਰਕ ਮੈਂਬਰਾਂ ਨੇ ਇਸ ਸੰਬੰਧੀ ਸਿਟੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਥਾਨਕ ਮਲੇਰਕੋਟਲਾ ਰੋਡ ਸਥਿਤ ਪ੍ਰਿੰਸੀਪਲ ਨਰੇਸ਼ ਚੰਦਰ ਸਟੇਡੀਅਮ ਨਜ਼ਦੀਕ ਰਹਿਣ ਵਾਲਾ ਪੰਜ ਸਾਲਾਂ ਦੇ ਬੱਚੇ ਦਾ ਪਿਤਾ ਵਰਿੰਦਰ ਮੈਨਰੋ ਉਰਫ਼ ਮੋਨੂੰ (34) ਐਤਵਾਰ ਸਵੇਰੇ ਪੰਜ ਵਜੇ ਆਪਣੀ ਪਤਨੀ ਭਾਰਤੀ ਨੂੰ ਸਟੇਡੀਅਮ ਚ ਸੈਰ ਕਰਨ ਜਾਣ ਲਈ ਕਹਿਕੇ ਘਰੋਂ ਗਿਆ ਸੀ। ਪ੍ਰੰਤੂ ਕਈ ਘੰਟੇ ਬੀਤ ਜਾਣ ਬਾਦ ਵੀ ਵਰਿੰਦਰ ਵਾਪਸ ਘਰ ਨਹੀਂ ਪਹੁੰਚਿਆ ਤਾਂ ਉਸਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਨਾਲ ਉਸਦੀ ਤਲਾਸ਼ ਸ਼ੁਰੂ ਕੀਤੀ ਸੀ। ਪ੍ਰੰਤੂ ਕਾਫੀ ਥਾਂ ਲੱਭਣ ਦੇ ਬਾਵਜੂਦ ਜਦੋਂ ਕੁਝ ਪਤਾ ਨਾ ਲੱਗ ਸਕਿਆ ਤਾਂ ਨੌਜਵਾਨ ਕਾਰੋਬਾਰੀ ਦੇ ਭੇਦਭਰੇ ਹਾਲਾਤ ਚ ਲਾਪਤਾ ਹੋਣ ਸੰਬੰਧੀ ਥਾਣਾ ਸਿਟੀ-2 ਖੰਨਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਜਾਣਕਾਰੀ ਮੁਤਾਬਿਕ ਸ਼ਿਕਾਇਤ ਮਿਲਣ ਬਾਦ ਜਦੋਂ ਪੁਲਿਸ ਅਧਿਕਾਰੀਆਂ ਨੇ ਗਾਇਬ ਹੋਏ ਨੌਜਵਾਨ ਦਾ ਸੁਰਾਗ ਲਗਾਉਣ ਲਈ ਮਲੇਰਕੋਟਲਾ ਰੋਡ ਇਲਾਕੇ ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਚੈਕ ਕਰਵਾਇਆ ਤਾਂ ਮਲੇਰਕੋਟਲਾ ਰੋਡ ਸਥਿਤ ਗਿੱਲ ਮੈਡੀਕੋਜ਼ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚ ਵਰਿੰਦਰ ਪੈਦਲ ਜੀ.ਟੀ ਰੋਡ ਵੱਲ ਜਾਂਦਾ ਦਿਖਾਈ ਦਿੱਤਾ। ਇਸ ਫੁਟੇਜ਼ ਤੋਂ ਇਲਾਵਾ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਘਰ ਤੋਂ ਜਾਣ ਸਮੇਂ ਵਰਿੰਦਰ ਆਪਣੇ ਮੋਬਾਈਲ ਫ਼ੋਨ ਵੀ ਘਰ ਹੀ ਛੱਡ ਗਿਆ ਸੀ। ਵਰਿੰਦਰ ਮੈਨਰੋ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਦਾ ਭਗਤ ਹੈ। ਜਿਸਦੇ ਚੱਲਦੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਾਲਾਸਰ ਧਾਮ ਵਿਖੇ ਵਰਿੰਦਰ ਮੈਨਰੋ ਦੇ ਗਾਇਬ ਹੋਣ ਸੰਬੰਧੀ ਸੂਚਨਾ ਭੇਜੀ ਸੀ।

ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਵਰਿੰਦਰ ਨੂੰ ਸੋਮਵਾਰ ਸ਼ਾਮ ਕਿਸੇ ਵਿਅਕਤੀ ਨੇ ਸ਼੍ਰੀ ਸਾਲਾਸਰ ਧਾਮ ਚ ਘੁੰਮਦੇ ਦੇਖਿਆ ਅਤੇ ਇਸ ਸੰਬੰਧੀ ਉਸਦੇ ਪਰਿਵਾਰ ਨੂੰ ਸੂਚਨਾ ਦਿੱਤੀ। ਇਸ ਸੰਬੰਧੀ ਸੂਚਨਾ ਮਿਲਣ ਦੇ ਬਾਦ ਵਰਿੰਦਰ ਦੇ ਕੁਝ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਗੱਡੀ ਲੈ ਕੇ ਵਰਿੰਦਰ ਨੂੰ ਲੱਭਣ ਲਈ ਰਾਜਸਥਾਨ ਰਵਾਨਾ ਹੋ ਗਏ। ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਰਿੰਦਰ ਨੂੰ ਸਾਲਾਸਰ ਧਾਮ ਚ ਦੇਖੇ ਜਾਣ ਸੰਬੰਧੀ ਸੂਚਨਾ ਮਿਲਣ ਤੇ ਪਰਿਵਾਰ ਦੇ ਕੁਝ ਲੋਕ ਧਾਮ ਲਈ ਰਵਾਨਾ ਹੋਏ ਹਨ।