ਦਾਖਲਾ ਪ੍ਰੀਖਿਆ 'ਚ 15 ਫੀਸਦੀ ਨੰਬਰਾਂ ਤੇ ਪਾਸ ਹੋਣ ਵਾਲੇ ਹੁਣ ਬਣਨਗੇ ਦੰਦਾਂ ਦੇ ਮਾਹਿਰ ਡਾਕਟਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Apr 16 2019 17:18
Reading time: 1 min, 30 secs

ਡਾਕਟਰੀ ਦੇ ਮਾਸਟਰ ਡਿਗਰੀ ਦਾਖਲੇ ਵਿੱਚ ਹੁਣ ਦਾਖਲਾ ਪ੍ਰੀਖਿਆ ਵਿੱਚੋਂ 15 ਫੀਸਦੀ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਵੀ ਦੰਦਾਂ ਦੇ ਮਾਹਿਰ ਡਾਕਟਰ ਬਣਨਗੇ। ਜੀ ਹਾਂ,  ਇਹ ਹੋਇਆ ਹੈ ਹੁਣ ਪੰਜਾਬ ਦੇ ਵਿੱਚ 12 ਮੈਡੀਕਲ ਕਾਲਜਾਂ ਦੀਆਂ ਐੱਮ.ਡੀ.ਐੱਸ. ਦੀਆਂ 139 ਵਿੱਚੋਂ 68 ਸੀਟਾਂ ਖਾਲੀ ਰਹਿਣ ਦੇ ਬਾਅਦ ਅਤੇ ਇਸੇ ਕਾਰਨ ਕੇਂਦਰੀ ਸਿਹਤ ਮੰਤਰਾਲੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਨੂੰ ਦਾਖਲਾ ਪ੍ਰੀਖਿਆ ਦੀ ਕਟ-ਆਫ ਘੱਟ ਕਰਨ ਨੂੰ ਕਿਹਾ ਹੈ। ਇਸਦੇ ਬਾਅਦ ਨਵੀ ਕਟ ਆਫ ਦੇ ਵਿੱਚ ਜਨਰਲ ਕੋਟੇ ਦੇ ਵਿਦਿਆਰਥੀਆਂ ਦੇ ਲਈ ਦਾਖਲਾ ਪ੍ਰੀਖਿਆ ਦੀ ਕਟ ਆਫ ਲਿਸਟ ਨੂੰ 50 ਫੀਸਦੀ ਤੋਂ ਘੱਟ ਕਰ 25 ਫੀਸਦੀ ਅਤੇ ਰਿਜ਼ਰਵ ਕੋਟੇ ਦੀ ਕਟ ਆਫ ਨੂੰ ਇਸਤੋਂ ਵੀ ਘੱਟ ਕਰ ਦਿੱਤਾ ਗਿਆ ਹੈ ਜੋ ਕੇ ਹੁਣ ਐੱਸ.ਸੀ/ਐੱਸ.ਟੀ. ਦੇ ਲਈ ਸਿਰਫ 15.83 ਫੀਸਦੀ ਅਤੇ ਵਿਕਲਾਂਗਾਂ ਦੇ ਲਈ 20 ਫੀਸਦੀ ਹੈ। ਜ਼ਿਕਰਯੋਗ ਹੈ ਕੇ ਯੂਨੀਵਰਸਿਟੀ ਦੇ ਵੱਲੋਂ ਬੀਤੇ ਦਿਨੀਂ ਮਾਸਟਰ ਡਿਗਰੀ ਦਾਖਲੇ ਲਈ ਕੌਂਸਲਿੰਗ ਕੀਤੀ ਗਈ ਸੀ ਜਿਸ ਵਿੱਚ ਦੰਦਾਂ ਦੀ ਮਾਸਟਰ ਡਿਗਰੀ ਦੀਆਂ ਕਰੀਬ ਅਧਿਐਨ ਸੀਟਾਂ ਖਾਲੀ ਰਹਿ ਗਈਆਂ ਸਨ ਕਿਉਂਕਿ ਇਸਦੀ ਕੱਟ ਆਫ ਤੱਕ ਇਨੇ ਵੀ ਵਿਦਿਆਰਥੀ ਨਹੀਂ ਪਹੁੰਚ ਸਕੇ ਸਨ।

ਇਸੇ ਤਰ੍ਹਾਂ ਦੰਦਾਂ ਦੀ ਡਾਕਟਰੀ ਦੇ ਇਲਾਵਾ ਮਾਸਟਰ ਡਿਗਰੀ ਦੇ ਨਾਨ-ਕਲੀਨੀਕਲ ਕੋਰਸਾਂ ਜਿਵੇਂ ਕਿ ਬਾਇਓਕੇਮਿਸਟਰੀ, ਫੋਰੈਂਸਿਕ ਸਾਇੰਸ, ਮਾਇਕ੍ਰੋਬਾਇਓ ਆਦਿ ਦੇ ਵਿੱਚ ਵੀ ਸਿਰਫ ਤਿੰਨ ਹੀ ਸੀਟਾਂ ਭਰ ਸਕੀਆਂ ਸਨ ਅਤੇ ਇਸਦੇ ਲਈ ਵੀ ਹੁਣ 7 ਮੈਡੀਕਲ ਕਾਲਜਾਂ ਦੇ ਵਿੱਚੋਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕਾਲਜ ਅਤੇ ਬਠਿੰਡਾ ਦੇ ਆਦੇਸ਼ ਕਾਲਜ ਨੇ ਇਹਨਾਂ ਕੋਰਸਾਂ ਦੀ ਫੀਸ ਬਿਲਕੁਲ ਮਾਫ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕੇ ਇਹਨਾਂ ਦੋ ਕਾਲਜਾਂ ਦੇ ਵਿੱਚ ਮਾਸਟਰ ਡਿਗਰੀ ਦੇ ਹੋਰ ਕੋਰਸਾਂ ਦੀ ਫੀਸ 36 ਲੱਖ ਅਤੇ 49 ਲੱਖ ਕ੍ਰਮਵਾਰ ਹੈ। ਨਾਨ-ਕਲੀਨੀਕਲ ਕੋਰਸਾਂ ਦੀ ਫੀਸ ਸਰਕਾਰ ਦੇ ਵੱਲੋਂ ਸਵਾ ਸੱਤ ਲੱਖ ਨਿਰਧਾਰਿਤ ਕੀਤੀ ਗਈ ਹੈ ਪਰ ਸੀਟਾਂ ਖਾਲੀ ਰਹਿਣ ਦੇ ਚੱਲਦੇ ਇਹਨਾਂ ਦੋ ਨਿੱਜੀ ਕਾਲਜਾਂ ਨੇ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਖਾਲੀ ਰਹਿ ਗਈਆਂ ਸੀਟਾਂ ਦੇ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ 24 ਅਪ੍ਰੈਲ ਤੋਂ ਮੁੜ ਕਾਊਂਸਲਿੰਗ ਹੋ ਰਹੀ ਹੈ।